ਗੌਰੀ ਲੰਕੇਸ਼ ਦੀ ਹਤਿਆ ਦੀ ਜਾਂਚ ਨਕਸਲੀ ਪੱਖ ਤੋਂ ਵੀ ਹੋਵੇ : ਭਰਾ

ਖ਼ਬਰਾਂ, ਰਾਸ਼ਟਰੀ

ਹੈਦਰਾਬਾਦ, 7 ਸਤੰਬਰ : ਪੱਤਰਕਾਰ ਗੌਰੀ ਲੰਕੇਸ਼ ਜਿਸ ਦੀ ਦੋ ਦਿਨ ਪਹਿਲਾਂ ਹਤਿਆ ਕਰ ਦਿਤੀ ਗਈ ਸੀ, ਦੇ ਭਰਾ ਇੰਦਰਜੀਤ ਲੰਕੇਸ਼ ਨੇ ਕਿਹਾ ਕਿ ਉਸ ਦੀ ਭੈਣ ਦੀ ਹਤਿਆ ਦੀ ਜਾਂਚ ਹਰ ਪੱਖ ਤੋਂ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਹਤਿਆ ਦੀ ਜਾਂਚ ਨਕਸਲੀ ਐਂਗਲ ਤੋਂ ਵੀ ਹੋਣੀ ਚਾਹੀਦੀ ਹੈ। ਇੰਦਰਜੀਤ ਮੁਤਾਬਕ ਗੌਰੀ ਦੀ ਜਾਨ ਨੂੰ ਖ਼ਤਰਾ ਹੋਣ ਦੀ ਪਹਿਲਾਂ ਹੀ ਉਨ੍ਹਾਂ ਨੂੰ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਗੌਰੀ ਲੰਕੇਸ਼ ਦੀ ਜਾਨ ਨੂੰੰ ਖ਼ਤਰਾ ਹੈ। ਪੱਤਰਕਾਰ ਇੰਦਰਜੀਤ ਨੇ ਕਿਹਾ ਕਿ ਗੌਰੀ ਲੰਕੇਸ਼ ਨਕਸਲੀਆਂ ਨੂੰ ਮੁੱਖਧਾਰਾ ਵਿਚ ਲਿਆਉਣ ਲਈ ਕਰਨਾਟਕ ਸਰਕਾਰ ਨਾਲ ਸਰਗਰਮੀ ਨਾਲ ਕੰਮ ਕਰ ਰਹੀ ਸੀ ਹਾਲਾਂਕਿ ਇਹ ਪਹਿਲ ਉਨ੍ਹਾਂ ਦੇ ਹੱਕ ਵਿਚ ਨਹੀਂ ਗਈ। ਇਸੇ ਦੌਰਾਨ ਗੌਰੀ ਦੇ ਕਰੀਬੀ ਰਿਸ਼ਤੇਦਾਰਾਂ ਨੇ ਕਿਹਾ ਕਿ ਉਸ ਦੀ ਹਤਿਆ ਨੂੰ ਰਾਜਨੀਤਕ ਰੰਗ ਨਾ ਦਿਤਾ ਜਾਵੇ।
ਇੰਦਰਜੀਤ ਨੇ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਨਕਸਲੀ ਅਜਿਹੇ ਪਰਚੇ ਛਪਵਾ ਰਹੇ ਹਨ ਜਿਨ੍ਹਾਂ ਵਿਚ ਉਹ ਅਪਣੇ ਸਾਥੀ ਮਾਓਵਾਦੀਆਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਹੋਣ ਵਿਰੁਧ ਚੇਤਾਵਨੀ ਦੇ ਰਹੇ ਹਨ ਹਾਲਾਂਕਿ ਗੌਰੀ ਨੇ ਖ਼ੁਦ ਕਦੇ ਅਪਣੇ ਪਰਵਾਰ ਨੂੰ ਨਹੀਂ ਦਸਿਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਧਮਕੀ ਮਿਲ ਰਹੀ ਹੈ।
ਇਕ ਸਵਾਲ ਦੇ ਜਵਾਬ ਵਿਚ ਇੰਦਰਜੀਤ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਦੀ ਹਤਿਆ ਦੀ ਜਾਂਚ ਹਰ ਐਂਗਲ ਤੋਂ ਹੋਣੀ ਚਾਹੀਦੀ ਹੈ, ਫਿਰ ਉਹ ਚਾਹੇ ਨਕਸਲੀ ਹੋਵੇ ਜਾਂ ਹਿੰਦੂ ਕੱਟੜਵਾਦੀ। ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਗੌਰੀ ਦੇ ਘਰ ਵਾਲਿਆਂ ਨੂੰ ਉਸ ਦੀ ਹਤਿਆ ਦੀ ਜਾਂਚ ਦੇ ਸਹੀ ਦਿਸ਼ਾ ਵਿਚ ਚੱਲਣ ਦਾ ਭਰੋਸਾ ਦਿਵਾਇਆ ਹੈ। ਜਦ ਇੰਦਰਜੀਤ ਨੂੰ ਪੁਛਿਆ ਗਿਆ ਕਿ ਕੀ ਉਹ ਭਾਜਪਾ ਦੇ ਮੈਂਬਰ ਰਹੇ ਹਨ ਤਾਂ ਉਸ ਨੇ ਜਵਾਬ ਦਿਤਾ ਕਿ ਉਹ ਨਿਰਦੇਸ਼ਕ ਅਤੇ ਪਤਰਕਾਰ ਹਨ ਅਤੇ ਕਦੇ ਵੀ ਭਾਜਪਾ ਵਿਚ ਸ਼ਾਮਲ ਨਹੀਂ ਹੋਣਗੇ। (ਏਜੰਸੀ)