ਗੋਰਖਪੁਰ ਮੈਡੀਕਲ ਕਾਲਜ 'ਚ ਇਸ ਮਹੀਨੇ ‘ਹੋਈ 290 ਬੱਚਿਆਂ ਦੀ ਮੌਤ

ਖ਼ਬਰਾਂ, ਰਾਸ਼ਟਰੀ

ਗੋਰਖਪੁਰ, 30 ਅਗੱਸਤ :  ਗੋਰਖਪੁਰ ਦੇ ਬਾਬਾ ਰਾਘਵਦਾਸ ਮੈਡੀਕਲ ਕਾਲਜ 'ਚ ਇਸ ਮਹੀਨੇ ਹੁਣ ਤਕ 290 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਸੂਤਰਾਂ ਅਨੁਸਾਰ ਪਿਛਲੇ ਐਤਵਾਰ ਅਤੇ ਸੋਮਵਾਰ ਨੂੰ ਨਵਜਨਮੇ ਬੱਚਿਆਂ ਦੇ ਵਾਰਡ 'ਚ 26 ਅਤੇ ਦਿਮਾਗ਼ੀ ਬੁਖ਼ਾਰ ਦੇ ਵਾਰਡ 'ਚ 11 ਬੱਚਿਆਂ ਸਮੇਤ ਕੁਲ 37 ਬੱਚਿਆਂ ਦੀ ਮੌਤ ਹੋਈ ਹੈ। ਮੈਡੀਕਲ ਕਾਲਜ ਦੇ ਡਾਕਟਰ ਪੀ.ਕੇ. ਸਿੰਘ ਨੇ ਦਸਿਆ ਕਿ ਇਸ ਸਾਲ ਤਕ ਇੰਸੇਫ਼ੇਲਾਈਟਿਸ ਯਾਨੀ ਦਿਮਾਗ਼ੀ ਬੁਖ਼ਾਰ ਦੇ ਵਾਰਡ ਤੇ ਬੱਚਿਆਂ ਦੇ ਵਾਰਡ 'ਚ ਕੁਲ 1250 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਮਹੀਨੇ 28 ਅਗੱਸਤ ਤਕ ਐਨਆਈਸੀਯੂ 'ਚ 213 ਅਤੇ ਇੰਸੇਫ਼ੇਲਾਈਟਿਸ ਵਾਰਡ 'ਚ 77 ਬੱਚਿਆਂ ਸਮੇਤ 290 ਬੱਚੇ ਮਰ ਚੁੱਕੇ ਹਨ। ਪੀ ਕੇ ਸਿੰਘ ਦਾ ਕਹਿਣਾ ਹੈ ਕਿ ਐਨਆਈਸੀਯੂ 'ਚ ਜ਼ਿਆਦਾ ਗੰਭੀਰ ਹਾਲਤ ਵਾਲੇ ਬੱਚੇ ਜਿਵੇਂ ਸਮੇਂ ਤੋਂ ਪਹਿਲਾਂ ਜਨਮੇ, ਘੱਟ ਵਜ਼ਨ ਵਾਲੇ, ਪੀਲੀਆ, ਨੀਮੋਨੀਆ ਅਤੇ ਲਾਗ ਵਰਗੀਆਂ ਬੀਮਾਰੀਆਂ ਤੋਂ ਪ੍ਰਭਾਵਤ ਬੱਚੇ ਇਲਾਜ ਲਈ ਆਉਂਦੇ ਹਨ ਜਦਕਿ ਇੰਸੇਫ਼ੇਲਾਈਟਿਸ ਤੋਂ ਪੀੜਤ ਬੱਚੇ ਵੀ ਉਸ ਸਮੇਂ ਹੀ ਹਸਪਤਾਲ 'ਚ ਗੰਭੀਰ ਹਾਲਤ 'ਚ ਪਹੁੰਚਦੇ ਹਨ।
ਉਨ੍ਹਾਂ ਕਿਹਾ ਕਿ ਜੇ ਬੱਚੇ ਸਮੇਂ ਸਿਰ ਇਲਾਜ ਲਈ ਆਉਣ ਤਾਂ ਭਾਰੀ ਗਿਣਤੀ 'ਚ ਨਵਜਨਮੇ ਬੱਚਿਆਂ ਦੀ ਮੌਤ ਰੋਕੀ ਜਾ ਸਕਦੀ ਹੈ। ਸਿਹਤ ਨਿਰਦੇਸ਼ਕ ਦਫ਼ਤਰ ਤੋਂ ਪ੍ਰਾਪਤ ਅੰਕੜੇ ਦਸਦੇ ਹਨ ਕਿ ਇਸ ਸਾਲ ਜਨਵਰੀ 'ਚ ਐਨਆਈਸੀਯੂ 'ਚ 143 ਅਤੇ ਵਾਰਡ 'ਚ 9 ਬੱਚਿਆਂ ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਫ਼ਰਵਰੀ 'ਚ 117 , ਮਾਰਚ 'ਚ 141, ਮਈ 'ਚ 127 , ਜੂਨ 'ਚ 125, ਜੁਲਾਈ 'ਚ 95 ਅਤੇ ਅਗੱਸਤ ਮਹੀਨੇ 'ਚ 28 ਤਰੀਕ ਤਕ 213 ਤੇ 77 ਬੱਚਿਆਂ ਦੀ ਮੌਤ ਹੋ ਚੁੱੱਕੀ ਹੈ।