ਗੁਜਰਾਤ ਚੋਣਾਂ ਹਾਰ ਸਕਦੀ ਹੈ ਭਾਜਪਾ: ਰਾਜ ਠਾਕਰੇ

ਖ਼ਬਰਾਂ, ਰਾਸ਼ਟਰੀ

ਥੇਨ, 28 ਅਕਤੂਬਰ : ਮਹਾਂਰਾਸ਼ਟਰਾ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਕਿਹਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਦਾ ਘੱਟੋ ਘਟ 50 ਫ਼ੀ ਸਦੀ ਸਿਹਰਾ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਦਾ ਮਖ਼ੌਲ ਉਡਾਇਆ ਸੀ ਜਿਸ ਦਾ ਵੋਟਰਾਂ ਨੇ ਬੁਰਾ ਮਨਾਇਆ।ਠਾਕਰੇ ਨੇ ਕਿਹਾ ਕਿ ਹੁਣ ਹਾਲਾਤ ਅਜਿਹੇ ਹਨ ਅਤੇ ਰੀਪੋਰਟਾਂ ਵੀ ਇਹੀ ਦਸਦੀਆਂ ਹਨ ਕਿ ਇਸ ਵਾਰ ਗੁਜਰਾਤ ਵਿਚ ਬੀ.ਜੇ.ਪੀ. ਆਉਣ ਵਾਲੀਆਂ ਅਸੈਂਬਲੀ ਚੋਣਾਂ ਹਾਰ ਸਕਦੀ ਹੈ।ਠਾਕਰੇ ਨੇ ਕਿਹਾ ਕਿ ਜਿਥੇ 50 ਫ਼ੀ ਸਦੀ ਸਿਹਰਾ ਪਿਛਲੀਆਂ ਚੋਣਾਂ ਵਿਚ ਮੋਦੀ ਦੀ ਜਿੱਤ ਦਾ ਰਾਹੁਲ ਗਾਂਧੀ ਨੂੰ ਜਾਂਦਾ ਹੈ, ਉਥੇ 15 ਫ਼ੀ ਸਦੀ ਸੋਸ਼ਲ ਮੀਡੀਆ ਅਤੇ 10-20 ਫ਼ੀ ਸਦੀ ਬੀ.ਜੇ.ਪੀ. ਅਤੇ ਆਰ.ਐਸ.ਐਸ. ਦੇ ਕਾਰਕੁਨਾਂ ਨੂੰ ਜਾਂਦਾ ਹੈ। ਠਾਕਰੇ ਨੇ ਇਹ ਗੱਲ ਉਸ ਸਮੇਂ ਆਖੀ ਜਦ ਇਸ ਤੋਂ ਪਹਿਲਾਂ ਸ਼ਿਵ ਸੈਨਾ ਦਾ ਐਮ.ਪੀ. ਸੰਜੇ ਰਾਓਤ ਵੀ ਇਹ ਕਹਿ ਚੁਕਾ ਹੈ ਕਿ ਰਾਹੁਲ ਗਾਂਧੀ ਹੁਣ ਦੇਸ਼ ਦੀ ਅਗਵਾਈ ਕਰਨ ਦੇ ਸਮਰੱਥ ਹੈ ਅਤੇ ਮੋਦੀ ਲਹਿਰ ਫਿੱਕੀ ਪੈਣੀ ਸ਼ੁਰੂ ਹੋ ਗਈ ਹੈ।

ਗੁਜਰਾਤ ਚੋਣਾਂ ਦਾ ਜ਼ਿਕਰ ਕਰਦਿਆਂ ਠਾਕਰੇ ਨੇ ਕਿਹਾ ਕਿ ਜੋ ਰੀਪੋਰਟਾਂ ਅਤੇ ਸੂਚਨਾਵਾਂ ਗੁਜਰਾਤ ਵਿਚੋਂ ਆ ਰਹੀਆਂ ਹਨ, ਉਨ੍ਹਾਂ ਤੋਂ ਲਗਦਾ ਹੈ ਕਿ ਉਥੇ ਰਾਜ ਕਰ ਰਹੀ ਭਾਜਪਾ ਪਾਰਟੀ ਚੋਣਾਂ ਹਾਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁੱਝ ਅਜਿਹੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਹਨ ਜਿਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕ ਮੋਦੀ ਦੀਆਂ ਰੈਲੀਆਂ 'ਚੋਂ ਉਠ ਕੇ ਉਸ ਸਮੇਂ ਜਾ ਰਹੇ ਹਨ ਜਦ ਮੋਦੀ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਪਹਿਲਾਂ ਅਜਿਹਾ ਕਦੇ ਨਹੀਂ ਸੀ ਹੁੰਦਾ।ਠਾਕਰੇ ਨੇ ਕਿਹਾ ਕਿ ਜੇਕਰ ਇਸ ਸੱਭ ਕੁਝ ਦੇ ਬਾਵਜੂਦ ਭਾਜਪਾ 150 ਤੋਂ ਵੱਧ ਸੀਟਾਂ ਜਿੱਤ ਜਾਂਦੀ ਹੈ ਤਾਂ ਇਸ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦਾ ਕ੍ਰਿਸ਼ਮਾ ਸਮਝਿਆ ਜਾਵੇਗਾ। ਗੁਜਰਾਤ ਚੋਣਾਂ 9 ਤੇ 14 ਦਸੰਬਰ ਨੂੰ ਹੋਣੀਆਂ ਹਨ। ਠਾਕਰੇ ਨੇ ਚੋਣ ਕਮਿਸ਼ਨ ਵਲੋਂ ਗੁਜਰਾਤ ਦੀਆਂ ਚੋਣਾਂ ਦੇ ਐਲਾਨ ਵਿਚ ਕੀਤੀ ਦੇਰੀ ਲਈ ਕਮਿਸ਼ਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵਰਗੇ ਅਦਾਰਿਆਂ ਨੂੰ ਅਪਣੀ ਆਜ਼ਾਦ ਹਸਤੀ ਕਾਇਮ ਰਖਣੀ ਚਾਹੀਦੀ ਹੈ ਪਰ ਅਫ਼ਸੋਸ ਹੈ ਕਿ ਹੁਣ ਅਜਿਹਾ ਨਹੀਂ ਹੋ ਰਿਹਾ।  (ਏਜੰਸੀ)