ਅਹਿਮਦਾਬਾਦ, 30 ਦਸੰਬਰ: ਗੁਜਰਾਤ 'ਚ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੋਂ ਕੁੱਝ ਦਿਨਾਂ ਬਾਅਦ ਵੀ ਉਪ-ਮੁੱਖ ਮੰਤਰੀ ਨਿਤਿਨ ਪਟੇਲ ਨੇ ਉਨ੍ਹਾਂ ਨੂੰ ਵੰਡੇ ਗਏ ਵਿਭਾਗਾਂ ਦਾ ਕੰਮਕਾਜ ਨਹੀਂ ਸੰਭਾਲਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਸੂਤਰ ਨੇ ਦਸਿਆ ਕਿ ਉਨ੍ਹਾਂ ਨੇ ਖ਼ੁਦ ਨੂੰ ਵੰਡੇ ਵਿਭਾਗਾਂ ਨੂੰ ਲੈ ਕੇ ਅਪਣੀ ਨਾਰਾਜ਼ਗੀ ਬਾਰੇ ਪਾਰਟੀ ਹਾਈਕਮਾਂਡ ਨੂੰ ਜਾਣੂ ਕਰਵਾ ਦਿਤਾ ਹੈ।ਸੂਬੇ ਦੀ ਪਿਛਲੀ ਸਰਕਾਰ 'ਚ ਪਟੇਲ ਕੋਲ ਵਿੱਤ ਅਤੇ ਸ਼ਹਿਰੀ ਵਿਕਾਸ ਵਰਗੇ ਮਹੱਤਵਪੂਰਨ ਵਿਭਾਗ ਸਨ ਪਰ ਇਸ ਵਾਰੀ ਉਨ੍ਹਾਂ ਨੂੰ ਸੜਕ ਤੇ ਭਵਨ ਅਤੇ ਸਿਹਤ ਵਰਗੇ ਵਿਭਾਗ ਵੰਡੇ ਗਏ ਹਨ। ਗੁਜਰਾਤ 'ਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਬੀਤੀ 28 ਦਸੰਬਰ ਨੂੰ ਵਿਭਾਗਾਂ ਦੀ ਵੰਡ 'ਚ ਪਟੇਲ ਨੂੰ ਇਨ੍ਹਾਂ ਦੋ ਵਿਭਾਗਾਂ ਤੋਂ ਇਲਾਵਾ ਮੈਡੀਕਲ ਸਿਖਿਆ, ਨਰਮਦਾ, ਕਲਪਸਾਰ ਅਤੇ ਰਾਜਧਾਨੀ ਪ੍ਰਾਜੈਕਟ ਦਾ ਕੰਮਕਾਜ ਵੀ ਦਿਤਾ ਗਿਆ ਹੈ।