ਨਵੀਂ ਦਿੱਲੀ, 18 ਦਸੰਬਰ : ਰਾਜਸੀ ਤੌਰ 'ਤੇ ਅਹਿਮ ਮੰਨੀਆਂ ਜਾਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਫਸਵੇਂ ਮੁਕਾਬਲੇ ਵਿਚ ਭਾਜਪਾ ਨੇ ਜਿੱਤ ਹਾਸਲ ਕਰ ਕੇ 22 ਸਾਲ ਤੋਂ ਚੱਲੀ ਆ ਰਹੀ ਅਪਣੀ ਹਕੂਮਤ ਕਾਇਮ ਰੱਖੀ ਹੈ ਜਦਕਿ ਕਾਂਗਰਸ ਦੇ ਰਾਜ ਵਾਲੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਇਸ ਪਹਾੜੀ ਰਾਜ ਵਿਚ ਦੁਬਾਰਾ ਸੱਤਾ ਹਾਸਲ ਕਰ ਲਈ ਹੈ। ਉਂਜ ਕਾਂਗਰਸ ਨੂੰ ਇਹ ਤਸੱਲੀ ਰਹੇਗੀ ਕਿ ਗੁਜਰਾਤ ਵਿਚ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਪਾਰਟੀ ਸੀਟਾਂ ਦਾ ਅੰਕੜਾ ਵਧਾ ਕੇ ਕਾਮਯਾਬ ਰਹੀ ਹੈ। ਦੋਹਾਂ ਰਾਜਾਂ ਵਿਚ ਜਿੱਤ ਨਾਲ ਭਾਜਪਾ ਅੰਦਰ ਜਸ਼ਨ ਦਾ ਮਾਹੌਲ ਹੈ। ਗੁਜਰਾਤ ਦੀਆਂ ਕੁਲ 182 ਸੀਟਾਂ ਵਿਚੋਂ ਭਾਜਪਾ ਬਹੁਮਤ ਦੇ ਜਾਦੂਈ ਅੰਕ ਯਾਨੀ 92 ਸੀਟਾਂ ਦੇ ਅੰਕੜੇ ਨੂੰ ਪਾਰ ਕਰ ਗਈ। ਗੁਜਰਾਤ 'ਚ ਭਾਜਪਾ ਨੇ 99 ਅਤੇ ਕਾਂਗਰਸ ਨੇ 80 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਸਾਲ 2012 ਵਿਚ ਭਾਜਪਾ ਨੇ 115 ਅਤੇ ਕਾਂਗਰਸ ਨੇ 61 ਸੀਟਾਂ ਜਿੱਤੀਆਂ ਸਨ। ਹਿਮਾਚਲ ਦੀ 68 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਨੇ 44 ਤੇ ਕਾਂਗਰਸ ਨੇ 21 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਗੁਜਰਾਤ ਵਿਚ ਰਾਕਾਂਪਾ ਨੇ ਇਕ ਅਤੇ ਭਾਰਤੀ ਟਰਾਈਬਲ ਪਾਰਟੀ ਨੇ ਦੋ ਸੀਟਾਂ ਜਿੱਤੀਆਂ ਹਨ। ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਗੁਜਰਾਤ ਦੀ ਭਾਜਪਾ ਸਰਕਾਰ ਦੇ ਪੰਜ ਮੰਤਰੀ ਵੀ ਚੋਣਾਂ ਹਾਰ ਗਏ। ਉਂਜ, ਭਾਜਪਾ ਨੂੰ ਗੁਜਰਾਤ ਵਿਚ ਸਾਧਾਰਣ ਬਹੁਮਤ ਪ੍ਰਾਪਤ ਹੋਇਆ ਹੈ।