ਅਹਿਮਦਾਬਾਦ, 5 ਦਸੰਬਰ: ਗੁਜਰਾਤ ਚੋਣਾਂ ਦੀ ਗਰਮਾ-ਗਰਮੀ ਵਿਚਕਾਰ ਸੂਬੇ ਵਲ ਵੱਧ ਰਹੇ ਚੱਕਰਵਾਤੀ ਤੂਫ਼ਾਨ ਓਖੀ ਨੇ ਅੱਜ ਪ੍ਰਚਾਰ ਦਾ ਰੰਗ ਫਿੱਕਾ ਕਰ ਦਿਤਾ। ਮੌਸਮ ਖ਼ਰਾਬ ਹੋਣ ਕਰ ਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਪ੍ਰਮੁੱਖ ਆਗੂਆਂ ਦੀਆਂ ਰੈਲੀਆਂ ਰੱਦ ਕਰਨੀਆਂ ਪਈਆਂ। ਅੱਜ ਭਾਰਤੀ ਮੌਸਮ ਵਿਭਾਗ ਵਲੋਂ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ ਤੂਫ਼ਾਨ ਅੱਜ ਰਾਤ ਸੂਰਤ ਕੋਲ ਸਮੁੰਦਰੀ ਕੰਢੇ 'ਤੇ ਪਹੁੰਚੇਗਾ। ਦਖਣੀ ਗੁਜਰਾਤ, ਦਮਨ, ਦੀਪ ਅਤੇ ਦਾਦਰਾ ਨਗਰ ਹਵੇਲੀ 'ਚ ਤੂਫ਼ਾਨ ਨਾਲ ਨੁਕਸਾਨ ਹੋਣ ਦਾ ਡਰ ਹੈ। ਚੱਕਰਵਾਤੀ ਅਲਰਟ ਕਰ ਕੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਐਨ.ਡੀ.ਐਮ.ਏ. ਨੇ ਇਕ ਸਲਾਹ 'ਚ ਕਿਹਾ ਕਿ ਦਖਣੀ ਗੁਜਰਾਤ ਅਤੇ ਉੱਤਰੀ ਮਹਾਰਾਸ਼ਟਰ ਦੇ ਸਮੁੰਦਰੀ ਕੰਢਿਆਂ ਕੋਲ ਰਹਿਣ ਵਾਲੇ ਮਛੇਰਿਆਂ ਨੂੰ ਕਲ ਸਵੇਰ ਤਕ ਸਮੁੰਦਰ 'ਚ ਨਾ ਜਾਣ। ਤੂਫ਼ਾਨ ਮੁਬੰਈ ਕੋਲੋਂ ਨਿਕਲ ਗਿਆ ਹੈ ਅਤੇ ਇਸ ਕਰ ਕੇ ਮੀਂਹ ਵੀ ਪਿਆ ਪਰ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ। ਓਖੀ ਪੂਰਬ-ਮੱਧ ਅਰਬ ਸਾਗਰ ਦਾ ਰੁਖ਼ ਕਰੇਗਾ ਅਤੇ 21 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ-ਪੂਰਬਉੱਤਰ ਵਲ ਵਧੇਗਾ। ਇਹ ਪੂਰਬ-ਮੱਧ ਅਰਬ ਸਾਗਰ ਉੱਤਰ ਬਣਿਆ ਰਹੇਗਾ।