ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ 11 ਅਕਤੂਬਰ ਨੂੰ, ਚੋਣ ਜ਼ਾਬਤਾ ਲਾਗੂ

ਖ਼ਬਰਾਂ, ਰਾਸ਼ਟਰੀ



ਚੰਡੀਗੜ੍ਹ, 12 ਸਤੰਬਰ : ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦਾ ਬਿਗਲ ਵਜ ਗਿਆ ਹੈ। ਇਸ ਦੇ ਨਾਲ ਹੀ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਕਮਿਸ਼ਨ ਨੇ ਬਾਕਾਇਦਾ ਐਲਾਨ ਕਰ ਦਿਤਾ ਹੈ ਪਰ ਨੋਟੀਫ਼ੀਕੇਸ਼ਨ 15 ਸਤੰਬਰ ਨੂੰ ਜਾਰੀ ਕੀਤਾ ਜਾਏਗਾ। ਵੋਟਾਂ 11 ਅਕਤੂਬਰ ਨੂੰ ਪੈਣਗੀਆਂ ਅਤੇ ਇਨ੍ਹਾਂ ਦੀ ਗਿਣਤੀ 15 ਅਕਤੂਬਰ ਨੂੰ ਹੋਵੇਗੀ। ਉਮੀਦਵਾਰਾਂ ਦੇ ਕਾਗ਼ਜ਼ ਭਰਨ ਦੀ ਆਖ਼ਰੀ ਤਰੀਕ 22 ਸਤੰਬਰ ਹੈ। ਕਾਗ਼ਜ਼ਾਂ ਦੀ ਛਾਣਬੀਣ 25 ਸਤੰਬਰ ਨੂੰ ਹੋਵੇਗੀ ਅਤੇ ਕਾਗ਼ਜ਼ਾਂ ਦੀ ਵਾਪਸੀ 27 ਸਤੰਬਰ ਤਕ ਹੋ ਸਕਦੀ ਹੈ। 11 ਅਕਤੂਬਰ ਨੂੰ ਦੇਸ਼ ਵਿਚ ਦੋ ਲੋਕ ਸਭਾ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ਵਿਚ ਦੂਜੀ ਚੋਣ ਕੇਰਲਾ ਦੇ ਵੇਂਗਾਰਾ ਲੋਕ ਸਭਾ ਹਲਕੇ ਤੋਂ ਹੋਵੇਗੀ।
ਪਿਛਲੀ ਵਾਰ ਭਾਵ 2014 ਵਿਚ ਇਸ ਲੋਕ ਸਭਾ ਸੀਟ ਤੋਂ ਫ਼ਿਲਮ ਐਕਟਰ ਅਤੇ ਬੀਜੇਪੀ ਦੇ ਉਮੀਦਵਾਰ ਵਿਨੋਦ ਖੰਨਾ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਬਾਜਵਾ ਨੂੰ ਵੋਟਾਂ ਦੀ ਭਾਰੀ ਗਿਣਤੀ ਨਾਲ  ਹਰਾ ਕੇ ਜੇਤੂ ਰਹੇ ਸਨ।

ਕੁੱਝ ਮਹੀਨੇ ਪਹਿਲਾਂ ਵਿਨੋਦਾ ਖੰਨਾ ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ 27 ਅਪ੍ਰੈਲ ਨੂੰ ਚੋਣ ਕਮਿਸ਼ਨ ਵਲੋਂ ਇਹ ਹਲਕਾ ਖ਼ਾਲੀ
ਕਰਾਰ ਦਿਤਾ ਗਿਆ ਸੀ, ਇਸ ਕਰ ਕੇ ਹੁਣ ਜ਼ਿਮਨੀ ਚੋਣ ਹੋ ਰਹੀ ਹੈ।

ਇਸੇ ਦੌਰਾਨ ਕਈ ਹਫ਼ਤੇ ਪਹਿਲਾਂ ਬੀਜੇਪੀ ਨੇ ਇਸ ਹਲਕੇ ਵਿਚ ਅਪਣੀ ਚੋਣ ਮੁਹਿੰਮ ਆਰੰਭ ਕਰ ਦਿਤੀ ਸੀ। ਕਾਂਗਰਸ ਨੇ ਭਾਵੇਂ ਹਾਲੇ ਤਕ ਚੋਣ ਮੁਹਿੰਮ ਆਰੰਭ ਨਹੀਂ ਕੀਤੀ ਪਰ ਲੰਘੇ ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਵਿਖੇ ਝੰਡਾ ਲਹਿਰਾ ਕੇ ਇਹ ਸਾਫ਼ ਸੰਕੇਤ ਦਿਤਾ ਸੀ ਕਿ ਉਨ੍ਹਾਂ ਦੀ ਪਾਰਟੀ ਇਸ ਹਲਕੇ ਤੋਂ ਚੋਣ ਜਿੱਤਣ ਲਈ ਪੂਰਾ ਜ਼ੋਰ ਲਾ ਦੇਵੇਗੀ। ਇਹ ਪਹਿਲੀ ਵਾਰ ਹੋਇਆ ਸੀ ਕਿ ਮੁੱਖ ਮੰਤਰੀ ਨੇ ਆਜ਼ਾਦੀ ਦਿਹਾੜੇ ਮੌਕੇ ਇਥੇ ਝੰਡਾ ਲਹਿਰਾਉਣ ਨੂੰ ਪਹਿਲ ਦਿਤੀ ਸੀ।

ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਦਾ ਵੱਡਾ ਧੜਾ ਜਿਸ ਵਿਚ ਗੁਰਦਾਸਪੁਰ ਦੇ ਕਈ ਵਿਧਾਇਕ ਵੀ ਸ਼ਾਮਲ ਹਨ, ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਜ਼ਿਮਨੀ ਚੋਣ ਲੜਾਉਣ ਲਈ ਤਤਪਰ ਹਨ। ਪਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਜੋ ਇਸ ਹਲਕੇ ਤੋਂ ਇਕ ਵਾਰ ਲੋਕ ਸਭਾ ਚੋਣ ਜਿੱਤ ਚੁਕੇ ਹਨ, ਅਪਣੀ ਪਤਨੀ ਚਰਨਜੀਤ ਕੌਰ ਬਾਜਵਾ ਨੂੰ ਚੋਣ ਲੜਾਉਣ ਲਈ ਯਤਨਸ਼ੀਲ ਹਨ ਅਤੇ ਉਹ ਇਸ ਸਬੰਧੀ ਅਪਣੀ ਰਾਏ ਦਾ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਕੋਲ ਵੀ ਕਰ ਚੁਕੇ ਹਨ। ਉਧਰ, ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਤੇ ਉਸੇ ਪਾਰਟੀ ਦੇ ਤੇਜ਼-ਤਰਾਰ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੀ ਇਸ ਚੋਣ ਵਿਚ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਖੜਾ ਕਰਨ ਦਾ ਐਲਾਨ ਕਰ ਚੁਕੇ ਹਨ।

      ਲਗਦਾ ਹੈ ਕਿ ਇਸ ਜ਼ਿਮਨੀ ਚੋਣ ਵਿਚ ਤਿਕੋਣੀ ਟੱਕਰ ਹੋਵੇਗੀ। ਜੇ ਇਸ ਚੋਣ ਹਲਕੇ ਦੇ ਇਤਿਹਾਸਕ ਪਿਛੋਕੜ ਵਿਚ ਜਾਈਏ ਤਾਂ 1952 ਤੋਂ ਲੈ ਕੇ ਕਾਂਗਰਸ ਨੇ ਇਸ ਹਲਕੇ ਤੋਂ 11 ਵਾਰ ਚੋਣ ਜਿੱਤੀ ਹੈ ਜਿਸ ਵਿਚ ਮਰਹੂਮ ਸੁਖਬੰਸ ਕੌਰ ਭਿੰਡਰ ਦਾ 1980 ਤੋਂ ਲੈ ਕੇ 1996 ਤਕ ਲਗਾਤਾਰ 5 ਵਾਰ ਚੋਣ ਜਿੱਤਣਾ ਵੀ ਸ਼ਾਮਲ ਹੈ। ਪਰ ਉਸ ਤੋਂ ਬਾਅਦ ਇਸ ਹਲਕੇ ਤੋਂ ਬੀਜੇਪੀ ਦੇ ਵਿਨੋਦ ਖੰਨਾ ਲਗਾਤਾਰ 3 ਵਾਰ ਜਿੱਤ ਗਏ ਸਨ। ਚੌਥੀ ਵਾਰ 2009 ਵਿਚ ਉਹ ਪ੍ਰਤਾਪ ਸਿੰਘ ਬਾਜਵਾ ਤੋਂ ਹਾਰ ਗਏ ਸਨ ਤੇ ਪੰਜਵੀਂ ਵਾਰ ਫਿਰ ਪ੍ਰਤਾਪ ਸਿੰਘ ਬਾਜਵਾ ਨੂੰ ਹਰਾ ਕੇ 2014 ਵਿਚ ਚੋਣ ਮੁੜ ਜਿੱਤ ਗਏ ਸਨ। ਕਿਹਾ ਜਾ ਸਕਦਾ ਹੈ ਕਿ ਬਹੁਤਾ ਸਮਾਂ ਇਹ ਹਲਕਾ ਕਾਂਗਰਸ ਦਾ ਗੜ੍ਹ ਰਿਹਾ ਹੈ ਅਤੇ ਇਸ ਵਿਚ ਪਠਾਨਕੋਟ, ਦੀਨਾਨਗਰ, ਕਾਦੀਆਂ, ਬਟਾਲਾ, ਫ਼ਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਗੁਰਦਾਸਪੁਰ, ਸੁਜਾਨਪੁਰ ਆਦਿ ਵਿਧਾਨ ਸਭਾ ਹਲਕੇ ਸ਼ਾਮਲ ਹਨ।

ਚੋਣ ਜ਼ਾਬਤਾ ਲੱਗਣ ਕਾਰਨ ਲਗਦਾ ਹੈ ਕਿ ਕਰਜ਼ਾ ਮੁਆਫ਼ੀ ਨਾਲ ਸਬੰਧਤ ਨੋਟੀਫ਼ੀਕੇਸ਼ਨ ਨੂੰ ਬਰੇਕਾਂ ਲੱਗ ਗਈਆਂ ਹਨ। ਕੁੱਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਬਿਆਨ ਦਿਤਾ ਸੀ ਕਿ ਨੋਟੀਫ਼ੀਕੇਸ਼ਨ ਲਗਭਗ ਤਿਆਰ ਹੈ ਅਤੇ ਛੇਤੀ ਹੀ ਜਾਰੀ ਕਰ ਦਿਤਾ ਜਾਵੇਗਾ। ਚੋਣ ਮਾਹਰਾਂ ਦਾ ਕਹਿਣਾ ਹੈ ਕਿ ਚੋਣ ਜ਼ਾਬਤੇ ਤੋਂ ਬਾਅਦ ਹੀ ਨੋਟੀਫ਼ੀਕੇਸ਼ਨ ਜਾਰੀ ਹੋ ਸਕਦਾ ਹੈ ਯਾਨੀ 15 ਅਕਤੂਬਰ ਤੋਂ ਬਾਅਦ ਹੀ।