ਗੁਰਦਾਸਪੁਰ ਜ਼ਿਮਨੀ ਚੋਣ ਨੂੰ ਵੇਖਦਿਆਂ ਕੈਪਟਨ ਸਰਕਾਰ ਨੇ ਖੋਲ੍ਹਿਆ ਖ਼ਜ਼ਾਨੇ ਦਾ ਮੂੰਹ

ਖ਼ਬਰਾਂ, ਰਾਸ਼ਟਰੀ



ਬਠਿੰਡਾ, 2 ਸਤੰਬਰ (ਸੁਖਜਿੰਦਰ ਮਾਨ): ਉਪ ਚੋਣ ਨੂੰ ਧਿਆਨ ਵਿਚ ਰੱਖਦਿਆਂ ਕੈਪਟਨ ਸਰਕਾਰ ਨੇ ਖ਼ਜ਼ਾਨੇ ਦਾ ਮੂੰਹ ਗੁਰਦਾਸਪੁਰ ਲਈ ਖੋਲ੍ਹ ਦਿਤਾ ਹੈ। ਪੂਰੇ ਪੰਜਾਬ ਦੇ ਮੁਕਾਬਲੇ ਗੁਰਦਾਸਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੀਆਂ ਲਿੰਕ ਸੜਕਾਂ ਦਾ ਮੂੰਹ ਮੱਥਾ ਸਵਾਰਨ ਲਈ 55 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਦਕਿ ਪੰਜਾਬ ਦੇ ਦੂਜੇ ਹਿੱਸਿਆਂ ਵਿਚੋਂ ਹਾਲੇ ਮੁਰੰਮਤ ਹੋਣ ਵਾਲੀਆਂ ਲਿੰਕ ਸੜਕਾਂ ਦੀ ਸੂਚਨਾ ਹੀ ਇਕੱਤਰ ਕੀਤੀ ਜਾ ਰਹੀ ਹੈ।
ਮੰਡੀਕਰਨ ਬੋਰਡ ਦੀ ਵਿੱਤੀ ਸਹਾਇਤਾ ਨਾਲ ਗੁਰਦਾਸਪੁਰ ਲੋਕ ਸਭਾ ਹਲਕੇ ਅਧੀਨ ਆਉਣ ਵਾਲੀਆਂ ਕਰੀਬ ਸੱਤ ਸੋ ਕਿਲੋਮੀਟਰ ਲਿੰਕ ਸੜਕਾਂ ਦੀ ਹਾਲਤ ਸੁਧਰ ਜਾਵੇਗੀ। ਇਨ੍ਹਾਂ ਵਿਚ ਪੌਣੇ ਤਿੰਨ ਸੋ


ਕਿਲੋਮੀਟਰ ਸੜਕ ਖ਼ੁਦ ਮੰਡੀਕਰਨ ਬੋਰਡ ਦੀ ਗੁਰਦਾਪਸੁਰ ਤੇ ਪਠਾਨਕੋਟ ਡਵੀਜ਼ਨ ਵਲੋਂ ਮੁਰੰਮਤ ਕੀਤੀ ਜਾਵੇਗੀ ਜਦੋਂ ਕਿ ਬਾਕੀ ਸਵਾ ਚਾਰ ਕਿਲੋਮੀਟਰ ਸੜਕਾਂ ਲੋਕ ਨਿਰਮਾਣ ਵਿਭਾਗ ਦੇ ਪ੍ਰਾਂਤਕ ਮੰਡਲ ਗੁਰਦਾਸਪੁਰ, ਪਠਾਨਕੋਟ ਤੇ ਬਟਾਲਾ ਵਲੋਂ ਬਣਾਈਆਂ ਜਾਣਗੀਆਂ। ਉਪ ਚੋਣ ਲਈ ਚੋਣ ਕਮਿਸ਼ਨ ਵਲੋਂ ਚੋਣ ਪ੍ਰੋਗਰਾਮ ਜਾਰੀ ਹੋਣ ਦੇ ਡਰੋਂ ਸਰਕਾਰ ਨੇ ਇਨ੍ਹਾਂ ਸੜਕਾਂ ਦੀ ਮੁਰੰਮਤ ਲਈ ਟੈਂਡਰ ਵੀ ਲਗਾ ਦਿਤੇ ਹਨ। ਗੁਰਦਾਸਪੁਰ ਪ੍ਰਾਂਤਕ ਮੰਡਲ ਵਲੋਂ ਕਰੀਬ ਪੌਣੇ 13 ਕਰੋੜ, ਬਟਾਲਾ ਵਲੋਂ ਸੱਤ ਅਤੇ ਪਠਾਨਕੋਟ ਵਲੋਂ ਸਵਾ ਪੰਜ ਕਰੋੜ ਦੇ ਟੈਂਡਰ ਜਾਰੀ ਕੀਤੇ ਹਨ। ਦਸਣਾ ਬਣਦਾ ਹੈ ਕਿ ਉਪ ਚੋਣ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਇਸ ਵਾਰ ਗੁਰਦਾਸਪੁਰ ਜ਼ਿਲ੍ਹੇ 'ਚ ਅਜ਼ਾਦੀ ਦਾ ਝੰਡਾ ਲਹਿਰਾਇਆ ਸੀ। ਉਕਤ ਪ੍ਰੋਗਰਾਮ ਦੌਰਾਨ ਹੀ ਉਨ੍ਹਾਂ ਹਲਕੇ ਦੀਆਂ ਸੜਕਾਂ ਦੀ ਹਾਲਾਤ ਸੁਧਾਰਨ ਦਾ ਐਲਾਨ ਕੀਤਾ ਸੀ। ਸੂਤਰਾਂ ਅਨੁਸਾਰ ਸੜਕਾਂ ਦੀ ਮੁਰੰਮਤ ਤੋਂ ਇਲਾਵਾ ਇਸ ਉਪ ਚੋਣ ਨੂੰ ਜਿੱਤਣ ਲਈ ਹੋਰ ਵੀ ਵੱਡੇ ਐਲਾਨ ਕੀਤਾ ਜਾਣਗੇ। ਵਿਭਾਗ ਦੇ ਸੂਤਰਾਂ ਮੁਤਾਬਕ ਗੁਰਦਾਸਪੁਰ ਲੋਕ ਸਭਾ ਹਲਕੇ ਅਧੀਨ ਆਉਂਦੀਆਂ ਲਿੰਕ ਸੜਕਾਂ ਦੀ ਪਹਿਲਾਂ ਸਾਲ 2007-08 ਤੱਕ ਮੁਰੰਮਤ ਹੋਈ ਹੈ।
ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਹਲਕਾ ਬਾਦਲ ਪ੍ਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦਾ ਹੋਣ ਕਾਰਨ ਇਥੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਕਾਫ਼ੀ ਮਿਹਰ ਰਹੀ ਹੈ। ਸੂਤਰਾਂ ਮੁਤਾਬਕ ਪੰਜਾਬ 'ਚ ਕਰੀਬ 6000 ਹਜ਼ਾਰ ਕਿਲੋਮੀਟਰ ਸੜਕਾਂ ਅਜਿਹੀਆਂ ਹਨ, ਜਿਨ੍ਹਾਂ ਦੀ ਮੁੜ ਰਿਪੇਅਰ ਬਕਾਇਆ ਹੈ ਅਤੇ ਇਸ ਕੰਮ ਉਪਰ ਕਰੀਬ 600 ਕਰੋੜ ਦਾ ਖ਼ਰਚ ਆਉਣ ਦਾ ਅਨੁਮਾਨ ਹੈ ਪ੍ਰੰਤੂ ਪੰਜਾਬ ਸਰਕਾਰ ਵਲੋਂ ਮੌਜੂਦਾ ਵਿਤੀ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਆਦਾ ਮੰਦੀ ਹਾਲਾਤ ਵਾਲੀਆਂ 2500 ਕਿਲੋਮੀਟਰ ਲਿੰਕ ਸੜਕਾਂ ਦਾ ਕੰਮ ਕਰਵਾਇਆ ਜਾ ਰਿਹਾ।