ਹੱਜ ਲਈ ਸਬਸਿਡੀ ਖ਼ਤਮ ਸੁਪਰੀਮ ਕੋਰਟ ਦੇ ਹੁਕਮ ਮਗਰੋਂ ਹੌਲੀ-ਹੌਲੀ ਖ਼ਤਮ ਕੀਤੀ ਗਈ ਸਬਸਿਡੀ : ਨਕਵੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 16 ਜਨਵਰੀ: ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਇਸ ਸਾਲ ਤੋਂ ਹੱਜ 'ਤੇ ਕੋਈ ਸਬਸਿਡੀ ਨਹੀਂ ਹੋਵੇਗੀ ਅਤੇ ਸਬਸਿਡੀ 'ਤੇ ਖ਼ਰਚ ਹੋਣ ਵਾਲੀ ਰਕਮ ਦਾ ਪ੍ਰਯੋਗ ਘੱਟ ਗਿਣਤੀਆਂ ਨਾਲ ਸਬੰਧਤ ਕੁੜੀਆਂ ਦੇ ਸਿਖਿਆ ਰਾਹੀਂ ਮਜ਼ਬੂਤੀਕਰਨ ਲਈ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਇਸ ਕਦਮ ਪਿੱਛੇ ਕੋਈ ਸਿਆਸੀ ਕਾਰਨ ਨਹੀਂ ਹੈ ਅਤੇ ਮੁਸਲਮਾਨ ਖ਼ੁਦ ਇਸ ਸਬਸਿਡੀ ਨਾਮਕ 'ਗਾਲੀ' ਤੋਂ ਮੁਕਤੀ ਚਾਹੁੰਦੇ ਹਨ।ਨਕਵੀ ਨੇ ਕਿਹਾ, ''ਸਾਲ 2018 ਦਾ ਜੋ ਹੱਜ ਹੋਵੇਗਾ ਉਸ 'ਚ ਸਬਸਿਡੀ ਨਹੀਂ ਰਹੇਗੀ। ਹੱਜ ਸਬਸਿਡੀ 'ਤੇ ਖ਼ਰਚ ਹੋਣ ਵਾਲੇ ਪੈਸੇ ਦਾ ਪ੍ਰਯੋਗ ਘੱਟ ਗਿਣਤੀਆਂ ਦੇ  ਵਿਦਿਅਕ ਮਜ਼ਬੂਤੀਕਰਨ ਅਤੇ ਖ਼ਾਸ ਕਰ ਕੇ ਕੁੜੀਆਂ ਦੇ ਵਿਦਿਅਕ ਮਜ਼ਬੂਤੀਕਰਨ 'ਤੇ ਕੀਤਾ ਜਾਵੇਗਾ।'' ਉਨ੍ਹਾਂ ਕਿਹਾ ਕਿ ਮੁਸਲਮਾਨਾਂ ਦਾ ਮੰਨਣਾ ਸੀ ਕਿ ਹੱਜ ਸਬਸਿਡੀ ਉਨ੍ਹਾਂ ਲਈ ਗਾਲੀ ਵਾਂਗ ਹੋ ਗਈ ਹੈ ਅਤੇ ਕੋਈ ਵੀ ਮੁਸਲਮਾਨ ਸਬਸਿਡੀ 'ਤੇ ਹੱਜ ਕਰਨਾ ਪਸੰਦ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਹੱਜ ਲਈ ਸਰਕਾਰ ਪੂਰੀ ਸਹੂਲਤ ਦੇਵੇਗੀ। ਉਨ੍ਹਾਂ ਕਿਹਾ, ''ਇਹ ਘੱਟ ਗਿਣਤੀਆਂ ਦਾ ਬੇਚੈਨੀ ਤੋਂ ਬਗ਼ੈਰ ਅਤੇ ਮਾਣ ਨਾਲ ਮਜ਼ਬੂਤੀਕਰਨ ਦੀ ਸਾਡੀ ਨੀਤੀ ਦਾ ਹਿੱਸਾ ਹੈ।''