ਹਨੀਪ੍ਰੀਤ ਅਤੇ ਆਦਿਤਿਆ ਇੰਸਾਂ ਵਿਰੁਧ ਲੁਕਆਊਟ ਨੋਟਿਸ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ, 1 ਸਤੰਬਰ (ਨੀਲ ਭਲਿੰਦਰ ਸਿੰਘ): ਪੰਚਕੂਲਾ ਦੇ ਪੁਲਿਸ ਕਮਿਸ਼ਨਰ ਏ.ਸੀ. ਚਾਵਲਾ ਨੇ ਅੱਜ ਕਿਹਾ ਕਿ ਹਰਿਆਣਾ ਪੁਲਿਸ ਨੇ ਸੌਦਾ ਸਾਧ ਵਲੋਂ ਮੁਖੀ ਦੀ ਗੋਦ ਲਈ ਪੁੱਤਰੀ ਹਨੀਪ੍ਰੀਤ ਇੰਸਾਂ ਅਤੇ ਡੇਰੇ ਦੇ ਅਹੁਦੇਦਾਰ ਆਦਿਤਿਆ ਇੰਸਾਂ ਵਿਰੁਧ ਲੁਕਆਊਟ ਨੋਟਿਸ ਜਾਰੀ ਕੀਤੇ ਗਏ ਹਨ।
ਪੰਚਕੂਲਾ ਦੇ ਪੁਲਿਸ ਕਮਿਸ਼ਨਰ ਏ.ਸੀ. ਚਾਵਲਾ ਨੇ ਕਿਹਾ ਕਿ ਨਵੇਂ ਪ੍ਰਗਟਾਵੇ ਮਗਰੋਂ ਪੁਲਿਸ ਨੇ ਹਨੀਪ੍ਰੀਤ ਅਤੇ ਆਦਿਤਿਆ ਕੋਲੋਂ ਪੁੱਛ-ਪੜਤਾਲ ਕਰਨੀ ਹੈ ਅਤੇ ਉਨ੍ਹਾਂ ਵਿਰੁਧ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਚਾਵਲਾ ਨੇ ਕਿਹਾ ਕਿ ਪੁੱਛ-ਪੜਤਾਲ ਦੌਰਾਨ ਸੁਰਿੰਦਰ ਧੀਮਾਨ ਇੰਸਾਂ ਨੇ ਪ੍ਰਗਟਾਵਾ ਕੀਤਾ ਕਿ ਹਨੀਪ੍ਰੀਤ ਅਤੇ ਆਦਿਤਿਆ ਦੇਸ਼ ਛੱਡ ਕੇ ਭੱਜ ਸਕਦੇ ਹਨ ਇਸ ਲਈ ਉਨ੍ਹਾਂ ਵਿਰੁਧ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।
ਇਕ ਅਖ਼ਬਾਰ ਦੇ ਪੱਤਰਕਾਰ ਦੇ ਬਿਆਨ ਦੇ ਆਧਾਰ ਡੇਰੇ ਦੇ ਦੋ ਪ੍ਰਮੁੱਖ ਅਹੁਦੇਦਾਰਾਂ ਆਦਿਤਿਆ ਇੰਸਾਂ ਅਤੇ ਧੀਮਾਨ ਇੰਸਾਂ ਵਿਰੁਧ ਪੰਚਕੂਲਾ ਪੁਲਿਸ ਥਾਣੇ 'ਚ ਐਫ਼.ਆਈ.ਆਰ. ਦਰਜ ਕਰਵਾਈ ਜਾ ਚੁੱਕੀ ਹੈ। ਦੋਹਾਂ ਵਿਰੁਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ। ਧੀਮਾਨ ਨੂੰ ਕਲ ਹਿਰਾਸਤ 'ਚ ਲਿਆ ਗਿਆ ਸੀ। ਉਸ ਨੂੰ ਕਲ ਇਕ ਹਫ਼ਤੇ ਦੀ ਪੁਲਿਸ ਹਿਰਾਸਤ 'ਚ ਭੇਜ ਦਿਤਾ ਗਿਆ ਸੀ।  ਚਾਵਲਾ ਨੇ ਕਿਹਾ ਕਿ ਦੇਸ਼ ਭਰ ਦੇ ਹਵਾਈ ਅੱਡਿਆਂ, ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਨੂੰ ਚੌਕਸ ਕਰ ਦਿਤਾ ਗਿਆ ਹੈ।
ਹਨੀਪ੍ਰੀਤ ਨੂੰ ਸੌਦਾ ਸਾਧ ਦੇ ਸੰਭਾਵਤ ਉੱਤਰਅਧਿਕਾਰੀ 'ਚੋਂ ਇਕ ਮੰਨਿਆ ਜਾ ਰਿਹਾ ਹੈ। ਵੈਸੇ ਇਕ ਹੋਰ ਡੇਰਾ ਆਗੂ ਵਿਪਾਸਨਾ ਇੰਸਾ ਨੇ ਪਹਿਲਾਂ ਕਿਹਾ ਸੀ ਕਿ ਉੱਤਰਅਧਿਕਾਰੀ ਲਈ ਤੁਰਤ ਕੋਈ ਪਹਿਲ ਨਹੀਂ ਕੀਤੀ ਗਈ ਹੈ।
ਪੁਲਿਸ ਸੌਦਾ ਸਾਧ ਨੂੰ 25 ਅਗੱਸਤ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ ਉਸ ਨੂੰ ਰਿਹਾਅ ਕਰਨ ਦੀ ਸਾਜ਼ਸ਼ ਰਚਣ ਦੇ ਦੋਸ਼ਾਂ ਉਤੇ ਗ਼ੈਰ ਕਰ ਰਹੀ ਹੈ। ਆਦਿਤਿਆ ਵਿਰੁਧ ਪਹਿਲਾਂ ਹੀ ਦੇਸ਼ਧ੍ਰੋਹ ਦੇ ਦੋਸ਼ ਹਨ। ਜਦਕਿ ਹਨੀਪ੍ਰੀਤ ਵਿਰੁਧ ਦੋਸ਼ਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਸ ਦੌਰਾਨ ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿਤੇ ਜਾਣ ਮਗਰੋਂ ਫੈਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਅੱਜ ਵਧ ਕੇ 41 ਹੋ ਗਈ। ਪੰਚਕੂਲਾ 'ਚ 35 ਅਤੇ ਸਿਰਸਾ 'ਚ ਛੇ ਵਿਅਕਤੀਆਂ ਦੀ ਜਾਨ ਚਲੀ ਗਈ। (ਪੀਟੀਆਈ)