ਹਨੀਪ੍ਰੀਤ ਦੀ ਭਾਲ 'ਚ ਰਾਜਸਥਾਨ ਗਈ ਹਰਿਆਣਾ ਪੁਲਿਸ ਬਰੰਗ ਪਰਤੀ

ਖ਼ਬਰਾਂ, ਰਾਸ਼ਟਰੀ

ਸ੍ਰੀਗੰਗਾਨਗਰ, 21 ਸਤੰਬਰ : ਸੌਦਾ ਸਾਧ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਦੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿਚ ਲੁਕੇ ਹੋਣ ਦੀ ਸੂਹ ਨੇ ਅੱਜ ਸਾਰਾ ਦਿਨ ਹਰਿਆਣਾ ਅਤੇ ਰਾਜਸਥਾਨ ਪੁਲਿਸ ਨੂੰ ਵਾਹਣੀ ਪਾਈ ਰੱਖਿਆ। ਪਰ ਹਨੀਪ੍ਰੀਤ ਪੁਲਿਸ ਦੇ ਹੱਥ ਨਹੀਂ ਲੱਗੀ। ਦੋਵਾਂ ਰਾਜਾਂ ਦੀ ਪੁਲਿਸ ਨੂੰ ਕਈ ਘੰਟਿਆਂ ਦੀ ਜਦੋ-ਜਹਿਦ ਤੋਂ ਬਾਅਦ ਬਰੰਗ ਪਰਤਨਾ ਪਿਆ।
ਜਾਣਕਾਰੀ ਅਨੁਸਾਰ ਸੌਦਾ ਸਾਧ ਦੇ ਜੱਦੀ ਪਿੰਡ ਗੁਰੂਸਰ ਮੌਡੀਆ 'ਚ ਪੁਲਿਸ ਪਾਰਟੀਆਂ ਨੇ ਘਰ, ਸਕੂਲ, ਲੜਕੀਆਂ ਦੇ ਹੋਸਟਲ ਅਤੇ ਹਸਪਤਾਲ ਦੀ ਤਲਾਸ਼ੀ ਲੈਣ ਲਈ ਸਾਰੀਆਂ ਇਮਾਰਤਾਂ ਛਾਣ ਦਿਤੀਆਂ ਪਰ ਹਨੀਪ੍ਰੀਤ ਪੁਲਿਸ ਦੇ ਹੱਥ ਨਹੀਂ ਲੱਗੀ। ਹਰਿਆਣਾ ਪੁਲਿਸ ਦੇ ਡਿਪਟੀ ਐਸ.ਪੀ. ਅਨੁਸਾਰ ਹਨੀਪ੍ਰੀਤ ਦੇ ਸੌਦਾ ਸਾਧ ਦੇ ਪਿੰਡ ਗੁਰੂਸਰ ਮੌਡੀਆ 'ਚ ਹੋਣ ਦੀ ਸੂਹ ਮਿਲਣ ਤੋਂ ਬਾਅਦ ਸੌਦਾ ਸਾਧ ਦੇ ਸਕੂਲ ਅਤੇ ਹਸਪਤਾਲ ਅਤੇ ਪੁਰਾਣੇ ਡੇਰੇ ਦੀ ਤਲਾਸ਼ੀ ਲਈ ਗਈ ਇਸ ਤਲਾਸ਼ੀ ਦੌਰਾਨ ਹਨੀਪ੍ਰੀਤ ਦਾ ਕੋਈ ਸੁਰਾਗ਼ ਨਹੀਂ ਮਿਲ ਸਕਿਆ।
ਅੱਜ ਤੜਕੇ ਹੀ ਵੱਡੀ ਗਿਣਤੀ ਵਿਚ ਆਏ ਹਰਿਆਣਾ ਪੁਲਿਸ ਕਰਮੀਆਂ ਜਿਨ੍ਹਾਂ ਵਿਚ ਰਾਜਸਥਾਨ ਪੁਲਿਸ ਦੇ ਕਰਮੀ ਵੀ ਸ਼ਾਮਲ ਸਨ, ਨੇ ਕਈ ਘੰਟੇ ਤਕ ਸੌਦਾ ਸਾਧ ਦੀ ਰਿਹਾਇਸ਼ ਸਣੇ ਸਕੂਲ ਹੋਸਟਲ ਅਤੇ ਕਈ ਥਾਵਾਂ ਨੂੰ ਘੇਰੇ ਵਿਚ ਲੈ ਕੇ ਤਲਾਸ਼ੀ ਲਈ, ਪਰ ਬਲਾਤਕਾਰੀ ਰਾਮ ਰਹੀਮ ਦੀ ਰਾਜਦਾਰ ਹਨੀਪ੍ਰੀਤ ਦਾ ਕੋਈ ਸੁਰਾਗ਼ ਨਹੀਂ ਲੱਗ ਸਕਿਆ ਅਤੇ ਪੁਲਿਸ ਨੂੰ ਮਿਲੀ ਸੂਹ ਝੂਠੀ ਨਿਕਲੀ। (ਪੀ.ਟੀ.ਆਈ.)