ਚੰਡੀਗੜ੍ਹ, 19 ਸਤੰਬਰ: ਹਰਿਆਣਾ
ਪੁਲਿਸ ਨੇ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਸੌਦਾ ਸਾਧ ਨੂੰ ਪੰਚਕੂਲਾ ਸਥਿਤ
ਸੀਬੀਆਈ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹਿੰਸਾ ਭੜਕਾਉਣ ਦੇ ਦੋਸ਼ਾਂ ਹੇਠ
ਸੌਦਾ ਸਾਧ ਵਲੋਂ ਗੋਦ ਲਈ ਧੀ ਹਨੀਪ੍ਰੀਤ ਇੰਸਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਪੰਚਕੂਲਾ
ਦੇ ਸੈਕਟਰ-5 ਸਥਿਤ ਪੁਲਿਸ ਥਾਣੇ ਵਿਚ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਪੰਚਕੂਲਾ ਪੁਲਿਸ ਕਮਿਸ਼ਨਰ ਏ.ਐਸ. ਚਾਵਲਾ ਨੇ ਕਿਹਾ ਕਿ ਹਨੀਪ੍ਰੀਤ ਹਿੰਸਾ ਭੜਕਾਉਣ ਦੇ ਮਾਮਲੇ ਵਿਚ ਮੁਲਜ਼ਮ ਹੈ। ਹਨੀਪ੍ਰੀਤ ਦਾ ਨਾਂਅ ਉਸ ਐਫ਼ਆਈਆਰ ਵਿਚ ਦਰਜ ਕੀਤਾ ਗਿਆ ਹੈ ਜਿਸ ਵਿਚ ਹਿੰਸਾ ਭੜਕਾਉਣ ਦੇ ਦੋਸ਼ਾਂ ਹੇਠ ਆਦਿਤਯ ਇੰਸਾਂ ਅਤੇ ਸੁਰਿੰਦਰ ਧੀਮਾਨ ਸਮੇਤ ਕਈਆਂ ਦੇ ਨਾਂਅ ਸ਼ਾਮਲ ਹਨ। ਹਰਿਆਣਾ ਦੇ ਡੀਜੀਪੀ ਬੀਐਸ ਸੰਧੂ ਨੇ ਕਿਹਾ ਕਿ ਹਨੀਪ੍ਰੀਤ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਨੀਪ੍ਰੀਤ ਇੰਸਾਂ ਦੇ ਨੇਪਾਲ ਵਿਚ ਹੋਣ ਦੀਆਂ ਰੀਪੋਰਟਾਂ 'ਤੇ ਸੰਧੂ ਨੇ ਕਿਹਾ ਕਿ ਇਸ ਸਬੰਧੀ ਹਾਲੇ ਤਕ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਹਨੀਪ੍ਰੀਤ ਦੀ ਭਾਲ ਵਿਚ ਕਈ ਟੀਮਾਂ ਨੂੰ ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਭੇਜਿਆ ਗਿਆ ਹੈ ਅਤੇ ਹਰਿਆਣਾ ਪੁਲਿਸ ਵੱਖ-ਵੱਖ ਸੂਬਿਆਂ ਦੀ ਪੁਲਿਸ ਨਾਲ ਸੰਪਰਕ ਵਿਚ ਹੈ। ਹਰਿਆਣਾ ਪੁਲਿਸ ਨੇ ਹਨੀਪ੍ਰੀਤ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਡੇਰੇ ਨਾਲ ਸਬੰਧਤ ਦਿਲਾਵਰ ਇੰਸਾਂ ਅਤੇ ਪ੍ਰਦੀਪ ਗੋਇਲ ਤੋਂ ਵੀ ਪੁਛ-ਪੜਤਾਲ ਕੀਤੀ ਹੈ।
ਡੇਰੇ ਦੇ ਮੁੱਖ ਮੈਂਬਰ ਦਿਲਾਵਰ ਇੰਸਾਂ ਨੂੰ ਸੋਨੀਪਤ
ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਪ੍ਰਦੀਪ ਨੂੰ ਰਾਜਸਥਾਨ ਦੇ ਉਦੇਪੁਰ ਤੋਂ ਗ੍ਰਿਫ਼ਤਾਰ
ਕੀਤਾ ਗਿਆ ਸੀ। ਬੀਤੇ ਕਲ ਹਰਿਆਣਾ ਪੁਲਿਸ ਨੇ ਡੇਰੇ ਦੀ ਬੁਲਾਰਾ ਵਿਪਾਸਨਾ ਇੰਸਾਂ ਤੋਂ
ਇਸ ਸਬੰਧੀ ਪੁਛ-ਪੜਤਾਲ ਕੀਤੀ ਸੀ ਕਿ ਹਨੀਪ੍ਰੀਤ ਕਿਥੇ ਹੈ। ਪੁਲਿਸ ਹਨੀਪ੍ਰੀਤ ਵਿਰੁਧ
ਲੁਕਆਊਟ ਨੋਟਿਸ ਵੀ ਜਾਰੀ ਕਰ ਚੁੱਕੀ ਹੈ। ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ
ਪੰਚਕੂਲਾ ਅਤੇ ਹੋਰ ਥਾਵਾਂ 'ਤੇ ਹੋਈ ਹਿੰਸਾ ਕਾਰਨ 35 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ
ਸਿਰਸਾ ਵਿਚ 6 ਵਿਅਕਤੀ ਮਾਰੇ ਗਏ ਸਨ। (ਪੀ.ਟੀ.ਆਈ.)