ਹਰਿਆਣਾ ਪੁਲਿਸ ਨੇ ਸਰਦੂਲਗੜ੍ਹ ਪੁਜਦੇ ਕੀਤੇ ਡੇਰੇ 'ਚੋਂ ਬਾਹਰ ਆਏੇ ਪੰਜਾਬ ਦੇ ਹਜ਼ਾਰਾਂ 'ਪ੍ਰੇਮੀ'

ਖ਼ਬਰਾਂ, ਰਾਸ਼ਟਰੀ


ਸਰਦੂਲਗੜ੍ਹ, 28 ਅਗੱਸਤ (ਵਿਨੋਦ ਜੈਨ) : ਸਾਧਵੀ ਯੋਨ ਸ਼ੋਸਣ ਮਾਮਲੇ 'ਚ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਸਥਿਤੀ ਕੁੱਝ ਨਾਜ਼ੁਕ ਬਣੀ ਹੋਈ ਸੀ। ਜਿਸ ਕਰ ਕੇ ਕਈ ਸ਼ਹਿਰਾਂ 'ਚ ਕਰਫ਼ੀਊ ਵੀ ਲਗਾਉਣਾ ਪਿਆ। ਮਾਨਸਾ 'ਚ ਲਗਾਏ ਗਏ ਕਰਫ਼ੀਊ 'ਚ ਸਵੇਰੇ ਸੱਤ ਵਜੇ ਤੋਂ ਸ਼ਾਮ ਸੱਤ ਵਜੇ ਤਕ ਢਿੱਲ ਦਿਤੀ ਗਈ ਸੀ। ਪਿਛਲੇ ਤਿੰਨ ਦਿਨਾਂ ਤੋਂ ਬਾਜ਼ਾਰ ਅਤੇ ਸੜਕਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ ਤੇ ਲੋਕਾਂ 'ਚ ਸਹਿਮ ਵੀ ਪਾਇਆ ਜਾ ਰਿਹਾ ਹੈ। ਪੁਲਿਸ ਤੇ ਆਰਮੀ ਵਲੋਂ ਡੇਰਿਆਂ 'ਚ ਬੈਠੀ ਸੰਗਤ ਤੋਂ ਖਾਲੀ ਕਰਵਾਇਆ ਜਾ ਰਿਹਾ ਹੈ।
ਮੁੱਖ ਡੇਰਾ ਸਿਰਸਾ ਵਿਚ ਡੇਰਾ ਪ੍ਰੇਮੀਆਂ ਦਾ ਭਾਰੀ ਗਿਣਤੀ ਵਿਚ ਇਕੱਠ ਹੋਣ ਨੂੰ ਲੈ ਕੇ ਪੁਲਿਸ ਤੇ ਫ਼ੌਜ ਵਲੋਂ ਮਿਲ ਕੇ ਡੇਰੇ 'ਚ ਬੈਠੀ ਸੰਗਤ ਨੂੰ ਵਾਰ-ਵਾਰ ਸੂਚਿਤ ਕੀਤਾ ਗਿਆ ਕਿ ਡੇਰੇ ਨੂੰ ਖਾਲੀ ਕੀਤਾ ਜਾਵੇ ਤੇ ਜੋ ਅਪਣੇ ਘਰੇ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਘਰ ਤਕ ਪਹੁੰਚਾਉਣ ਦਾ ਇੰਤਜਾਮ ਕੀਤੇ ਜਾਣਗੇ। ਜਿਸ ਤਹਿਤ ਡੇਰੇ ਅੰਦਰ ਡੇਰਾ ਜਮਾਈ ਬੈਠੇ ਵਿਅਕਤੀਆਂ ਨੇ ਬਾਹਰ ਆਉਣਾ ਸ਼ੁਰੂ ਕੀਤਾ ਜਿਨ੍ਹਾਂ 'ਚ ਜੋ ਪੰਜਾਬ ਨਾਲ ਸਬੰਧਤ ਸਨ, ਨੂੰ ਹਰਿਆਣਾ ਪੁਲਿਸ ਵਲੋਂ ਨਿਜੀ ਅਤੇ ਸਰਕਾਰੀ ਬਸਾਂ ਰਾਹੀਂ ਸਰਦੂਲਗੜ੍ਹ  ਕੈਂਚੀਆਂ ਤਕ ਪਹੁੰਚਾਇਆ ਗਿਆ ਜਿਥੋਂ ਅੱਗੇ ਪੰਜਾਬ ਪੁਲਿਸ ਨੇ  ਬਸਾਂ ਦਾ ਪ੍ਰਬੰ²ਧ ਕਰ ਕੇ ਡੇਰੇ 'ਚੋਂ ਕਰੀਬ ਤਿੰਨ ਹਜ਼ਾਰ ਪ੍ਰੇਮੀਆਂ ਨੂੰ ਉੁਨ੍ਹਾਂ ਦੇ ਪਿੰਡ ਤਕ ਪੁਜਦਾ ਕੀਤਾ।
ਡੀ.ਅੈਸ.ਪੀ. ਸਰਦੂਲਗੜ੍ਹ ਸੰਜੀਵ ਗੋਇਲ ਨੇ ਦਸਿਆ ਕਿ ਹਰਿਆਣਾ ਪੁਲਸ ਵੱਲੋ ਲਗਭਗ ਤਿੰਨ ਹਜ਼ਾਰ ਪੰਜਾਬ ਨਾਲ ਸਬੰਧਤ ਵਿਅਕਤੀ ਜੋ ਡੇਰਾ ਛੱਡ ਕੇ ਅਪਣੇ ਘਰ ਜਾਣਾ ਚਾਹੁੰਦੇ ਸਨ, ਨੂੰ ਬਸਾਂ ਰਾਹੀਂ ਸਰਦੂਲਗੜ੍ਹ ਤਕ ਪੁਜਦਾ ਕੀਤਾ ਜਿਸ ਨੂੰ ਪੰਜਾਬ ਪੁਲਿਸ ਨੇ ਅੱਗੇ ਬਸਾਂ ਰਾਹੀਂ ਘਰ-ਘਰ ਪਹੁੰਚਾਇਆ। ਉਨ੍ਹਾਂ ਕਿਹਾ ਕਿ ਸਾਰੀ ਸਥਿਤੀ ਕਾਬੂ ਵਿਚ ਹੈ ਤੇ ਕਿਸੇ ਵੀ ਅਣਸਖਾਵੀ ਘਟਨਾ ਨੂੰ ਰੋਕਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ।