ਹਵਾਈ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ

ਖ਼ਬਰਾਂ, ਰਾਸ਼ਟਰੀ

ਈਟਾਨਗਰ/ਦਿੱਲੀ, 6 ਅਕਤੂਬਰ: ਭਾਰਤੀ ਹਵਾਈ ਫ਼ੌਜ ਦਾ ਇਕ ਐਮ.ਆਈ.-17 ਹੈਲੀਕਾਪਟਰ ਅੱਜ ਅਰੁਣਾਂਚਲ ਪ੍ਰਦੇਸ਼ ਦੇ ਤਵਾਂਗ ਨੇੜੇ ਹਾਦਸਾਗ੍ਰਸਤ ਹੋ ਗਿਆ ਜਿਸ ਨਾਲ ਉਸ 'ਚ ਸਵਾਰ ਸੱਤ ਫ਼ੌਜੀਆਂ ਦੀ ਮੌਤ ਹੋ ਗਈ।
ਹਵਾਈ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਦਸਿਆ ਕਿ ਸਵੇਰੇ ਲਗਭਗ ਛੇ ਵਜੇ ਚੀਨ ਦੀ ਸਰਹੱਦ ਕੋਲ ਤਵਾਂਗ 'ਚ ਇਹ ਹਾਦਸਾ ਹੋਇਆ। ਇਸ 'ਚ ਭਾਰਤੀ ਹਵਾਈ ਫ਼ੌਜ ਦੇ ਦੋ ਪਾਇਲਟਾਂ ਸਮੇਤ ਪੰਜ ਮੁਲਾਜ਼ਮ ਅਤੇ ਫ਼ੌਜ ਦੇ ਦੋ ਜਵਾਨ ਮਰ ਗਏ। ਤਵਾਂਗ ਦੇ ਪੁਲਿਸ ਇੰਸਪੈਕਟਰ ਸੂਪਰਡੈਂਟ ਐਮ.ਕੇ. ਮੀਣਾ ਨੇ ਦਸਿਆ ਕਿ ਤਵਾਂਗ ਦੇ ਨੇੜੇ ਖੀਰਮੂ ਤੋਂ ਇਸ ਹੈਲੀਕਾਪਟਰ ਨੇ ਉਡਾਨ ਭਰੀ ਸੀ ਅਤੇ ਉਹ ਯਾਂਗਸਤੇ ਜਾ ਰਿਹਾ ਸੀ।
ਰੂਸ 'ਚ ਬਣਿਆ ਐਮ.ਆਈ.-17 ਵੀ5 ਹੈਲੀਕਾਪਟਰ ਪਹਾੜੀ ਖੇਤਰ 'ਚ ਭਾਰਤੀ ਫ਼ੌਜ ਦੀ ਯਾਂਗਸਤੇ ਚੌਕੀ ਉਤੇ ਸਾਮਾਨ ਪਹੁੰਚਾਉਣ ਜਾ ਰਿਹਾ ਸੀ। ਹਵਾਈ ਫ਼ੌਜ ਅਤੇ ਫ਼ੌਜ ਦੀ ਇਕ ਟੀਮ ਨੇ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਉਨ੍ਹਾਂ ਦੀ ਪਛਾਣ ਵਿੰਗ ਕਮਾਂਡਰ ਵਿਕਰਮ ਉਪਾਧਿਆਏ, ਸਕੁਆਡਰਨ ਲੀਡਰ ਐਸ. ਤਿਵਾਰੀ, ਮਾਸਟਰ ਵਾਰੰਟ ਅਧਿਕਾਰੀ ਏ.ਕੇ. ਸਿੰਘ, ਸਾਰਜੰਟ ਗੌਤਮ ਅਤੇ ਸਾਰਜੰਟ ਸਤੀਸ਼ ਕੁਮਾਰ ਅਤੇ ਫ਼ੌਜ ਦੇ ਮੁਲਾਜ਼ਮਾਂ ਸਿਪਾਹੀ ਈ. ਬਾਲਾਜੀ ਅਤੇ ਐਚ.ਐਨ. ਡੇਕਾ ਵਜੋਂ ਹੋਈ ਹੈ। ਮੀਣਾ ਨੇ ਕਿਹਾ ਕਿ ਸਮੁੰਦਰ ਦੀ ਸਤਹ ਤੋਂ ਲਗਭਗ 17000 ਫ਼ੁੱਟ ਦੀ
ਉਚਾਈ ਉਤੇ ਬਚਾਅ ਮੁਹਿੰਮ ਚਲਾਈ ਗਈ। ਸਾਰੀਆਂ ਲਾਸ਼ਾਂ ਮੈਡੀਕਲ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਖੀਰਮੂ ਹੈਲੀਪੈਡ ਲਿਆਂਦੀਆਂ ਗਈਆਂ ਅਤੇ ਫਿਰ ਉਨ੍ਹਾਂ ਨੂੰ ਤੇਜਪੁਰ ਏਅਰਬੇਸ ਲਿਆਂਦਾ ਗਿਆ। ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਇਕ ਟੀਮ ਅਤੇ ਜਾਣਕਾਰੀਆਂ ਇਕੱਠੀਆਂ ਕਰਨ ਲਈ ਹਾਦਸੇ ਵਾਲੀ ਥਾਂ 'ਤੇ ਗਈ ਹੈ। ਨਵੀਂ ਦਿੱਲੀ 'ਚ ਹਵਾਈ ਫ਼ੌਜ ਦੇ ਅਧਿਕਾਰੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਕਰਨ ਲਈ ਜਾਂਚ ਦੇ ਹੁਕਮ ਦੇ ਦਿਤੇ ਗÂੈ ਹਨ।
ਹਵਾਈ ਫ਼ੌਜ ਮੁਖੀ ਬੀ.ਐਸ. ਧਨੋਆ ਨੇ ਪਿਛਲੇ ਕੁੱਝ ਸਾਲਾਂ 'ਚ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਅਤੇ ਫ਼ੌਜੀ ਜੈੱਟ ਲੜਾਕੂ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਵਲ ਇਸ਼ਾਰਾ ਕਰਦਿਆਂ ਕਲ ਕਿਹਾ ਸੀ ਕਿ ਸ਼ਾਂਤੀਕਾਲ 'ਚ ਹੋਣ ਵਾਲਾ ਨੁਕਸਾਨ ਚਿੰਤਾ ਦਾ ਵਿਸ਼ਾ ਹੈ। ਅਸੀ ਹਾਦਸਿਆਂ ਨੂੰ ਘੱਟ ਤੋਂ ਘੱਟ ਕਰਨ ਅਤੇ ਅਪਣੀ ਜਾਇਦਾਦ ਦੀ ਰਾਖੀ ਲਈ ਠੋਸ ਉਪਾਅ ਕਰ ਰਹੇ ਹਾਂ। ਉਹ ਪਿਛਲੇ ਸਾਲਾਂ 'ਚ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਅਤੇ ਫ਼ੌਜ ਦੇ ਜੈੱਟ ਜਹਾਜ਼ਾਂ ਦੀਆਂ ਘਟਨਾਵਾਂ ਦਾ ਹਵਾਲਾ ਦੇ ਰਹੇ ਸਨ।
ਇਹ ਹਾਦਸਾ ਅੱਠ ਅਕਤੂਬਰ ਨੂੰ ਮਨਾਏ ਜਾਣ ਵਾਲੇ ਹਵਾਈ ਫ਼ੌਜ ਦਿਵਸ ਤੋਂ ਦੋ ਦਿਨ ਪਹਿਲਾਂ ਹੋਇਆ ਹੈ। ਅਰੁਣਾਂਚਲ ਪ੍ਰਦੇਸ਼ 'ਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਹਵਾਈ ਫ਼ੌਜ ਦੇ ਹੈਲਾਕਾਪਟਰਾਂ ਦਾ ਦੂਜਾ ਹਾਦਸਾ ਹੈ। (ਪੀਟੀਆਈ)