ਹਵਾਈ ਫ਼ੌਜ ਦੇ ਜਹਾਜ਼ ਉਤਰੇ ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ, ਉਡਾਣਾਂ ਵੀ ਭਰੀਆਂ

ਖ਼ਬਰਾਂ, ਰਾਸ਼ਟਰੀ

ਉਨਾਵ, 24 ਅਕਤੂਬਰ : ਭਾਰਤੀ ਹਵਾਈ ਫ਼ੌਜ ਦੇ ਲੜਾਕੂ ਅਤੇ ਮਾਲਵਾਹਕ ਜਹਾਜ਼ ਅੱਜ ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਉਤਰੇ ਅਤੇ ਉਡਾਨ ਭਰੀ। ਹੰਗਾਮੀ ਹਾਲਾਤ ਵਿਚ ਐਕਸਪ੍ਰੈਸਵੇਅ ਦੀ ਵਰਤੋਂ ਜਹਾਜ਼ ਲਾਹੁਣ ਅਤੇ ਉਡਾਨ ਭਰਨ ਲਈ ਕੀਤੀ ਜਾ ਸਕਦੀ ਹੈ। ਮਿਰਾਜ 2000, ਸੁਖਈ-30 ਅਤੇ ਸੀ-130 ਜੇ ਸੁਪਰ ਹਰਕਿਊਲਿਸ ਸਮੇਤ ਭਾਰਤੀ ਫ਼ੌਜ ਦੇ ਦਰਜਨ ਤੋਂ ਵੱਧ ਜਹਾਜ਼ਾਂ ਨੇ ਜ਼ਿਲ੍ਹੇ ਦੇ ਬਾਂਗਰਮਊ ਵਿਚ ਐਕਸਪ੍ਰੈਸਵੇਅ 'ਤੇ ਹੋਏ ਅਭਿਆਸ ਵਿਚ ਹਿੱਸਾ ਲਿਆ। ਇਹ ਥਾਂ ਰਾਜਧਾਨੀ ਲਖਨਊ ਤੋਂ ਲਗਭਗ 65 ਕਿਲੋਮੀਟਰ ਦੂਰ ਪੈਂਦੀ ਹੈ। ਜਹਾਜ਼ ਐਕਸਪ੍ਰੈਸਵੇਅ 'ਤੇ ਵਿਸ਼ੇਸ਼ ਰੂਪ ਵਿਚ ਤਿਆਰ ਹਵਾਈ ਪੱਟੀ 'ਤੇ ਉਤਰੇ ਅਤੇ ਉਥੋਂ ਹੀ ਵਾਪਸ ਉਡਾਨ ਭਰੀ। ਰਖਿਆ ਕਮਾਨ ਦੇ ਜਨ ਸੰਪਰਕ ਅਧਿਕਾਰੀ ਗਾਰਗੀ ਮਲਿਕ ਸਿਨਹਾ ਨੇ ਦਸਿਆ ਕਿ ਮਾਲਵਾਹਕ ਜਹਾਜ਼ ਰਾਹਤ ਮੁਹਿੰਮਾਂ ਵਿਚ ਵਰਤੇ ਜਾਂਦੇ ਹਨ। ਹੜ੍ਹਾਂ ਜਾਂ ਕਿਸੇ ਹੋਰ ਕੁਦਰਤੀ ਆਫ਼ਤ ਸਮੇਂ ਵੀ ਇਨ੍ਹਾਂ ਦੀ ਮਦਦ ਲਈ ਜਾਂਦੀ ਹੈ। ਉਨ੍ਹਾਂ ਦਸਿਆ ਕਿ ਇਹ ਜਹਾਜ਼ ਭਾਰੀ ਮਾਤਰਾ ਵਿਚ ਰਾਹਤ ਸਮੱਗਰੀ ਲਿਜਾ ਸਕਦੇ ਹਨ ਅਤੇ ਮੁਸੀਬਤ ਵਿਚ ਫਸੇ ਲੋਕਾਂ ਨੂੰ ਸੁਰੱÎਖਿਅਤ ਕੱਢ ਸਕਦੇ ਹਨ। ਇਸ ਕਸਰਤ ਦਾ ਮਕਸਦ ਜੰਗ, 

ਮਨੁੱਖੀ ਸਹਾਇਤਾ ਜਾਂ ਆਫ਼ਤ ਸਮੇਂ ਹਵਾਈ ਫ਼ੌਜ ਦੀਆਂ ਤਿਆਰੀਆਂ ਨੂੰ ਪੱਕਾ ਕਰਨਾ ਸੀ। ਤਿੰਨ ਘੰਟੇ ਤਕ ਚੱਲੇ ਅਭਿਆਸ ਦੌਰਾਨ ਭਾਰਤੀ ਹਵਾਈ ਫ਼ੌਜ ਦੇ ਵਿਸ਼ੇਸ਼ ਬਲ ਦੇ ਗਰੁੜ ਕਮਾਂਡੋ ਸੀ-130 ਜੇ ਜਹਾਜ਼ ਵਿਚੋਂ ਅਪਣੇ ਵਾਹਨਾਂ ਸਮੇਤ ਉਤਰੇ ਅਤੇ ਐਕਸਪ੍ਰੈਸਵੇਅ ਦੇ ਦੋਹਾਂ ਪਾਸੇ ਮੋਰਚਾ ਸਾਂਭਿਆ। ਪਹਿਲੀ ਵਾਰ ਕੋਈ ਮਾਲਵਾਹਕ ਜਹਾਜ਼ ਐਕਸਪ੍ਰੈਸਵੇਅ 'ਤੇ ਉਤਰਿਆ। ਇਹ ਜਹਾਜ਼ 200 ਕਮਾਂਡੋ ਵੀ ਲਿਜਾ ਸਕਦਾ ਹੈ। ਇਸ ਨੂੰ ਹਵਾਈ ਫ਼ੌਜ ਵਿਚ 2010 ਵਿਚ ਸ਼ਾਮਲ ਕੀਤਾ ਗਿਆ ਸੀ। ਇਯ ਤੋਂ ਪਹਿਲਾਂ 2015 ਵਿਚ ਮਿਰਾਜ-200 ਜਹਾਜ਼ ਦਿੱਲੀ ਲਾਗੇ ਯਮੁਨਾ ਐਕਸਪ੍ਰੈਸਵੇਅ 'ਤੇ ਉਤਰਿਆ ਸੀ।   ਮਈ 2016 ਵਿਚ ਵੀ ਇਸ ਤਰ੍ਹਾਂ ਦਾ ਇਕ ਹੋਰ ਅਭਿਆਸ ਹੋਇਟਾ ਸੀ ਜਦਕਿ ਪਿਛਲੇ ਸਾਲ ਨਵੰਬਰ ਵਿਚ ਲਖਨਊ-ਆਗਰਾ ਐਕਸਪ੍ਰੈਸਵੇਅ ਦੀ 3.3 ਕਿਲੋਮੀਟਰ ਲੰਮੀ ਹਵਾਈ ਪੱਟੀ ਤੋਂ ਜੰਗੀ ਜਹਾਜ਼ਾਂ ਨੇ ਉਡਾਨ ਭਰੀ ਸੀ। (ਏਜੰਸੀ)