ਫ਼ਿਰੋਜ਼ਪੁਰ, 23 ਜਨਵਰੀ (ਬਲਬੀਰ ਸਿੰਘ ਜੋਸਨ) : ਦੇਸ਼ ਆਜ਼ਾਦ ਹੋਇਆ ਨੂੰ ਭਾਵੇਂ ਹੀ 70 ਸਾਲ ਹੋ ਗਏ ਹਨ, ਇਨ੍ਹਾਂ 70 ਸਾਲਾਂ ਤੋਂ ਬਾਅਦ ਦੇਸ਼ ਨੇ ਕਾਫੀ ਜ਼ਿਆਦਾ ਤਰੱਕੀ ਕੀਤੀ ਹੈ। ਹਿੰਦ-ਪਾਕਿ ਦੀ ਵੰਡ ਤੋਂ ਪਹਿਲਾਂ ਅੰਗਰੇਜ਼ ਹਕੂਮਤ ਨੇ ਜੋ ਰੇਲ ਪੱਟੜੀਆਂ ਦਾ ਜਾਲ ਵਿਛਾਇਆ ਸੀ। ਵੰਡ ਤੋਂ ਬਾਅਦ ਰੇਲ ਦੀਆਂ ਪਟੜੀਆਂ ਅਤੇ ਸਟੇਸ਼ਨਾਂ ਦੀ ਹੋਂਦ ਖ਼ਤਮ ਹੁੰਦੀ ਜਾ ਰਹੀ ਹੈ। ਜਿਸ ਦੀ ਤਾਜ਼ਾ ਉਦਾਹਰਨ ਹੁਸੈਨੀਵਾਲਾ (ਜਿਸ ਦਾ ਪਹਿਲੋਂ ਨਾਮ ਗੁਲਾਮ ਹੁਸੈਨਵਾਲਾ) ਦੇ ਰੇਲਵੇ ਸਟੇਸ਼ਨ ਤੋਂ ਮਿਲਦੀ ਹੈ। ਜੋ ਹੁਸੈਨੀਵਾਲਾ ਸ਼ਹੀਦੀ ਸਮਾਰਕਾਂ ਤੋਂ ਪਹਿਲਾ ਸਿੰਚਾਈ ਵਿਭਾਗ ਦੀ ਵਰਕਸ਼ਾਪ ਦੇ ਨੇੜੇ ਸੀ, ਜਿਸ ਦੀ ਹੋਂਦ ਹੁਣ ਖਤਮ ਹੋ ਚੁੱਕੀ ਹੈ। ਵਰਕਸ਼ਾਪ 'ਤੇ ਲੰਮੇ ਅਰਸੇ 35 ਸਾਲ ਤੋਂ ਕੰਮ ਕਰਦੇ ਆ ਰਹੇ ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਟੇਸ਼ਨ ਵਾਲੀ ਥਾਂ 'ਤੇ ਆਖ਼ਰੀ ਨਿਸ਼ਾਨੀ ਵਜੋਂ ਇਕ ਵੱਡਾ ਪਿੱਪਲ ਹੈ, ਉਥੇ ਹੁਸੈਨਵਾਲਾ ਸਟੇਸ਼ਨ ਦਾ ਕਮਰਾ ਹੁੰਦਾ ਸੀ। ਇਸ ਨੂੰ ਹੌਲੀ ਹੌਲੀ ਉਸ ਦੇ ਦੇਖਦਿਆਂ ਹੀ ਕੁੱਝ ਸਾਲਾਂ ਵਿਚ ਗਾਡਰ, ਇੱਟਾਂ, ਰੋੜੇ ਲੋਕ ਚੋਰੀ ਹੋਣ ਕਾਰਨ ਹੁਸੈਨਵਾਲਾ ਸਟੇਸ਼ਨ ਦਾ ਵਜੂਦ ਖ਼ਤਮ ਹੋ ਗਿਆ ਹੈ। ਪਾਕਿਸਤਾਨ ਤੋਂ ਇਧਰ ਆਉਂਦੇ ਸਮੇਂ ਭਾਰਤ ਦੀ ਹੱਦ ਵਿਚ ਇਹ ਗੁਲਾਮ ਹੁਸੈਨਵਾਲਾ ਪਹਿਲਾ ਸਟੇਸ਼ਨ ਸੀ। ਵੰਡ ਤੋਂ ਪਹਿਲਾਂ ਸਥਿਤ ਵਰਕਸ਼ਾਪ ਵਿਚ ਪਾਕਿ ਦੇ ਕਸੂਰ ਸ਼ਹਿਰ ਦੇ ਲੋਕ ਵੀ ਇਥੇ ਕੰਮ ਕਰਨ ਆਉਂਦੇ ਸਨ।ਸਤਲੁਜ ਦਰਿਆ ਦੇ ਕੰਡੇ ਮਜ਼ਬੂਤ ਕਰਨ ਲਈ ਹਿਮਾਚਲ ਤੋਂ ਪੱਥਰ ਮਾਲ ਗੱਡੀਆਂ ਰਾਹੀਂ ਇਸੇ ਸਟੇਸ਼ਨ 'ਤੇ ਪੁੱਜਦਾ ਸੀ। ਅੱਜ ਇਸ ਜਗ੍ਹਾ 'ਤੇ ਸਿੰਚਾਈ ਵਿਭਾਗ ਦੀ ਵਰਕਸ਼ਾਪ ਹੈ ਤੇ ਪੁਰਾਣੀਆਂ ਕਰੇਨਾਂ ਤੇ ਗੱਡੀਆਂ ਕਬਾੜ ਵਿਚ ਖੜੀਆਂ ਹਨ ਤੇ ਬਿਲਡਿੰਗ ਵੀ ਕਾਫੀ ਖਸਤਾ ਹੈ ਤੇ ਨਵੀਆਂ ਕਰੇਨਾਂ ਸਿੰਚਾਈ ਵਿਭਾਗ ਦੀਆਂ ਕੰਮਕਾਰ ਲਈ ਮੌਜੂਦ ਹਨ।