ਹਿਮਾਚਲ 'ਚ 'ਬਾਂਦਰ' ਵੀ ਬਣੇ ਚੋਣ ਮੁੱਦਾ

ਖ਼ਬਰਾਂ, ਰਾਸ਼ਟਰੀ

ਹਮੀਰਪੁਰ (ਹਿਮਾਚਲ ਪ੍ਰਦੇਸ਼), 4 ਨਵੰਬਰ :  ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਲੜ ਰਹੀਆਂ ਦੇਸ਼ ਦੀਆਂ ਦੋ ਵੱਡੀਆਂ ਸਿਆਸੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇ ਉਹ ਸੱਤਾ ਵਿਚ ਆਉਂਦੇ ਹਨ ਤਾਂ ਉਹ ਹਿਮਾਚਲ ਦੇ ਲੋਕਾਂ ਨੂੰ ਬਾਂਦਰਾਂ ਦੀ ਸਮੱਸਿਆ ਤੋਂ ਮੁਕਤ ਕਰ ਦੇਣਗੇ।ਬਾਂਦਰ ਲੋਕਾਂ 'ਤੇ ਹਮਲਾ ਕਰਦੇ ਹਨ ਅਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਾਣਕਾਰੀ ਅਨੁਸਾਰ ਹਿਮਾਚਲ ਦੇ ਲਗਭਗ ਦੋ ਹਜ਼ਾਰ ਪਿੰਡਾਂ ਦੇ ਲੋਕ ਬਾਂਦਰਾਂ ਕਾਰਨ ਪ੍ਰੇਸ਼ਾਨ ਹਨ। ਭਾਜਪਾ ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਨੇ ਕਾਂਗਰਸ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਬਾਂਦਰਾਂ ਦੀ ਲਗਾਤਾਰ ਵਧ ਰਹੀ ਗਿਣਤੀ ਨੂੰ ਰੋਕਣ ਲਈ ਬਾਂਦਰਾਂ ਦੀ ਨਸਬੰਦੀ ਕਰਨ ਦੀ ਮੁਹਿੰਮ ਅਸਰਦਾਰ ਢੰਗ ਨਾਲ ਲਾਗੂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਸੇ ਕਾਰਨ ਸੂਬੇ ਵਿਚ ਬਾਂਦਰਾਂ ਦੀ ਗਿਣਤੀ ਘਟਣ ਦੀ ਥਾਂ ਲਗਾਤਾਰ ਵਧ ਰਹੀ ਹੈ।

ਧੂਮਲ ਨੇ ਕਿਹਾ ਕਿ ਉਹ ਹਿਮਾਚਲ ਦੇ ਕਿਸਾਨਾਂ ਨੂੰ ਅਪਣੇ ਖੇਤਾਂ ਦੇ ਆਲੇ-ਦੁਆਲੇ ਜਾਲੀਦਾਰ ਚਾਰਦੀਵਾਰੀ ਕਰਨ ਲਈ ਉਤਸ਼ਾਹਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹੋਰ ਕਈ ਜ਼ਰੂਰੀ ਕਦਮ ਚੁਕਣਗੇ ਕਿਉਂਕਿ ਇਹ ਸਮੱਸਿਆ ਨਾ ਸਿਰਫ਼ ਪਿੰਡਾਂ ਦੀ ਰਹੀ ਹੈ ਬਲਕਿ ਸ਼ਹਿਰਾਂ ਵਿਚ ਵੀ ਵਧ ਚੁੱਕੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸਤਪਾਲ ਸੱਤੀ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੀਆਂ ਮੁਸ਼ਕਲਾਂ ਹਲ ਕਰਨ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਬਾਂਦਰਾਂ ਦੀ ਗਿਣਤੀ ਨੂੰ ਕਾਬੂ ਕਰਨ ਲਈ ਕਰੋੜਾਂ ਰੁਪਏ ਖ਼ਰਚ ਹੋ ਚੁੱਕੇ ਹਨ ਪਰ ਇਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਦਯੋਗ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਕਾਂਗਰਸ ਨੇ ਬਾਂਦਰਾਂ ਦੀ ਨਸਬੰਦੀ ਕਰਨ ਲਈ ਮੁਹਿੰਮ ਚਲਾਈ ਹੈ ਅਤੇ ਹੋਰ ਵੀ ਕਈ ਕਦਮ ਚੁਕੇ ਹਨ। 2015 ਵਿਚ ਸੂਬੇ 'ਚ ਬਾਂਦਰਾਂ ਦੀ ਗਿਣਤੀ ਕਰਵਾਈ ਗਈ ਸੀ ਜਿਸ ਵਿਚ ਇਹ ਸਾਹਮਣੇ ਆਇਆ ਸੀ ਕਿ ਸ਼ਿਮਲਾ ਨਗਰ ਨਿਗਮ ਦੇ ਅੰਦਰ ਹੀ 2400 ਤੋਂ ਜ਼ਿਆਦਾ ਬਾਂਦਰ ਹਨ। ਜ਼ਿਕਰਯੋਗ ਹੈ ਸੂਬੇ ਵਿਚ 9 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।  (ਪੀ.ਟੀ.ਆਈ.)