ਸ਼ਿਮਲਾ, 13 ਦਸੰਬਰ : ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਮਗਰੋਂ ਘੱਟੋ-ਘੱਟ ਤਾਪਮਾਨ ਡਿੱਗਣ ਨਾਲ ਰਾਜ ਦੇ ਕਈ ਹਿੱਸਿਆਂ ਵਿਚ ਜ਼ਬਰਦਸਤ ਠੰਢ ਪੈ ਰਹੀ ਹੈ। ਬਰਫ਼ਬਾਰੀ ਅਤੇ ਮੀਂਹ ਕਾਰਨ ਕਲ ਨੁਕਸਾਨੀਆਂ ਗਈਆਂ ਸੜਕਾਂ ਦੀ ਮੁਰੰਮਤ ਦਾ ਕੰਮ ਅੱਜ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਸੰਗਰੂ-ਚਾਂਸੇਲ ਸੜਕ ਨੂੰ ਛੱਡ ਕੇ ਸ਼ਿਮਲਾ ਜ਼ਿਲ੍ਹੇ ਵਿਚ ਬਾਕੀ ਸੜਕਾਂ ਨੂੰ ਖੋਲ੍ਹ ਦਿਤਾ ਗਿਆ ਹੈ। ਫ਼ਿਲਹਾਲ ਡੋਦਰਾ ਕਵਾਰ ਖੇਤਰ ਦਾ ਸੰਪਰਕ ਟੁਟਿਆ ਹੋਇਆ ਹੈ। ਉਨ੍ਹਾਂ ਦਸਿਆ ਕਿ 15 ਸੈਂਟੀਮੀਟਰ ਬਰਫ਼ ਡਿੱਗਣ ਦੇ ਬਾਵਜੂਦ ਠਿਯੋਗ-ਹਾਟਕੋਟੀ ਸੜਕ ਅਤੇ ਹਿੰਦੁਸਤਾਨ-ਤਿੱਬਤ ਰਾਸ਼ਟਰੀ ਰਾਜਮਾਰਗ ਨੂੰ ਖੋਲ੍ਹਿਆ ਗਿਆ ਹੈ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਰੋਹਨ ਚੰਦ ਠਾਕੁਰ ਨੇ ਦਸਿਆ ਕਿ ਬਿਜਲੀ ਸਪਲਾਈ ਆਮ ਵਾਂਗ ਹੈ ਪਰ ਜ਼ਿਲ੍ਹੇ ਦੀਆਂ ਕੁੱਝ ਥਾਵਾਂ 'ਤੇ ਬਿਜਲੀ ਸਪਲਾਈ ਬੰਦ ਹੋਣ ਦੀ ਰੀਪੋਰਟ ਹੈ। ਸ਼ਿਵਲਾ ਅਤੇ ਲਾਗਲੇ ਇਲਾਕਿਆਂ ਵਿਚ ਕਲ ਰਾਤ ਬਰਫ਼ ਡਿੱਗੀ ਅਤੇ ਮੀਂਹ ਪਿਆ ਜਦਕਿ ਆਦਿਵਾਸੀ ਖੇਤਰਾਂ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਰੋਹਤਾਂਗ ਪਾਸ, ਸਾਚ ਪਾਸ, ਕਲਪਾ, ਕੇਲਾਂਗ ਵਿਚ 20 ਸੈਂਟੀਮੀਟਰ ਤਕ ਬਰਫ਼ ਪਈ ਹੈ। ਸ਼ਿਮਲਾ ਵਿਚ ਤਾਪਮਾਨ 3.4 ਡਿਗਰੀ ਸੈਲਸੀਅਸ ਤਕ ਡਿੱਗ ਗਿਆ। (ਏਜੰਸੀ)