ਹਿਸਾਰ 'ਗੁੜੀਆ' ਰੇਪ ਕੇਸ: ਪੁਲਿਸ ਨੇ ਦੋਸ਼ੀ 'ਤੇ ਰੱਖਿਆ 2 ਲੱਖ ਦਾ ਇਨਾਮ

ਖ਼ਬਰਾਂ, ਰਾਸ਼ਟਰੀ

ਹਿਸਾਰ: ਹਿਸਾਰ ਦੇ ਉਕਲਾਨਾ ਵਿਚ ਗੁੜੀਆਂ ਰੇਪ ਕਾਂਡ ਦੇ ਦੋਸ਼ੀ ਦਾ ਪਤਾ ਲਗਾਉਣ ਲਈ ਪੁਲਿਸ ਨੇ ਦੋ ਲੱਖ ਦਾ ਇਨਾਮ ਰੱਖਿਆ ਹੈ। ਇਹ ਘੋਸ਼ਣਾ ਪੁਲਿਸ ਨੇ ਘਟਨਾ ਦੇ ਦੋ ਦਿਨ ਬਾਅਦ ਵੀ ਦੋਸ਼ੀ ਦਾ ਪਤਾ ਨਾ ਲੱਗਣ ਕਾਰਨ ਕੀਤੀ ਹੈ। ਇਸ ਘੋਸ਼ਣਾ ਪੱਤਰ 'ਚ ਪੁਲਿਸ ਨੇ ਦੋਸ਼ੀ ਦੀ ਜਾਣਕਾਰੀ ਦੇਣ ਵਾਲੇ ਲਈ ਬਕਾਇਦਾ ਫੋਨ ਜਾਰੀ ਕੀਤੇ ਹਨ ਅਤੇ ਇਸ ਦੇ ਨਾਲ ਹੀ ਤਿੰਨ ਪੁਲਿਸ ਅਧਿਕਾਰੀਆਂ ਦੇ ਮੋਬਾਈਲ ਨੰਬਰ ਅਤੇ ਫੋਨ ਨੰਬਰ ਵੀ ਜਾਰੀ ਕੀਤੇ ਹਨ। ਜਿਕਰੇਯੋਗ ਹੈ ਕਿ ਹਿਸਾਰ ਦੇ ਏ.ਡੀ.ਸੀ. ਅਮਰਜੀਤ ਮਾਨ ਨੇ ਸਰਕਾਰ ਦੇ ਪ੍ਰਤੀਨਿਧੀ ਦੇ ਰੂਪ 'ਚ ਦੋਸ਼ੀ ਨੂੰ 48 ਘੰਟਿਆਂ ਅੰਦਰ ਗ੍ਰਿਫਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।

ਹਿਸਾਰ ਦੇ ਉਕਲਾਨਾ ਥਾਣੇ 'ਚ ਦਰਜ ਮੁਕੱਦਮਾ ਨੰਬਰ. 311 'ਚ ਅਣਪਛਾਤੇ ਦੋਸ਼ੀ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 302, 376 ਏ, 376(2)(1) ਅਤੇ 450, 363, 366, 367 ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ 'ਚ 28 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੋਸ਼ੀ ਦਾ ਪਤਾ ਨਹੀਂ ਲਗਾ ਸਕੀ। ਹੁਣ ਪੁਲਿਸ ਨੇ ਇਸ ਅਣਪਛਾਤੇ ਦੋਸ਼ੀ ਦੇ ਉੱਪਰ ਦੋ ਲੱਖ ਦਾ ਇਨਾਮ ਰੱਖਿਆ ਹੈ। ਪੁਲਿਸ ਨੇ ਇਸ ਘੋਸ਼ਣਾ ਦੇ ਪਰਚੇ ਛਪਵਾ ਕੇ ਲੋਕਾਂ ਵਿਚ ਵੰਡੇ ਹਨ।

ਪੁਲਿਸ ਨੇ ਜਨਤਕ ਘੋਸ਼ਣਾ ਵਿਚ ਕਿਹਾ ਹੈ ਕਿ 8 ਦਸੰਬਰ ਦੀ ਰਾਤ ਨੂੰ ਰੇਲਵੇ ਲਾਈਨ ਉਕਲਾਨਾ ਮੰਡੀ ਦੇ ਕੋਲ ਇੰਦਰਾ ਕਾਲੋਨੀ ਦੀਆਂ ਝੋਪੜੀਆਂ 'ਚੋਂ ਕਿਸੇ ਅਣਪਛਾਤੇ ਵਿਅਕਤੀ ਵਲੋਂ ਇਕ 6-7 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਹੱਤਿਆ ਕਰਕੇ ਉਸਨੂੰ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਵਾਲੀ ਗਲੀ 'ਚ ਸੁੱਟ ਦਿੱਤਾ। ਪੁਲਿਸ ਨੇ ਲਿਖਿਆ ਹੈ ਕਿ ਜਿਹੜਾ ਵੀ ਵਿਅਕਤੀ ਦੋਸ਼ੀ/ਦੋਸ਼ੀਆਂ ਦੇ ਨਾਮ/ਪਤੇ ਦੀ ਜਾਣਕਾਰੀ ਦੇਵੇਗਾ, ਉਸਨੂੰ ਦੋ ਲੱਖ ਦਾ ਇਨਾਮ ਦਿੱਤਾ ਜਾਵੇਗਾ।