ਵਿਕਾਸ ਘਟਣ ਦੇ ਬਾਵਜੂਦ ਸ਼ੇਅਰ ਬਾਜ਼ਾਰ ਚੜ੍ਹਨ ਨਾਲ ਵਧੀ ਅਮੀਰਾਂ ਦੀ ਜਾਇਦਾਦ
ਨਵੀਂ ਦਿੱਲੀ, 5 ਅਕਤੂਬਰ: ਵੱਖੋ-ਵੱਖ ਖੇਤਰਾਂ 'ਚ ਕਾਰੋਬਾਰ ਕਰਨ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਲਗਾਤਾਰ 10ਵੇਂ ਸਾਲ ਭਾਰਤ ਦੇ ਸੱਭ ਤੋਂ ਅਮੀਰ ਵਿਅਕਤੀ ਬਣ ਕੇ ਉਭਰੇ ਹਨ। ਉਨ੍ਹਾਂ ਦੀ ਕੁਲ ਜਾਇਦਾਦ ਵੱਧ ਕੇ 38 ਅਰਬ ਡਾਲਰ ਯਾਨੀ ਕਿ 2.5 ਲੱਖ ਕਰੋੜ ਰੁਪਏ ਹੋ ਗਈ ਹੈ। ਆਰਥਕ ਸੁਸਤੀ ਤੋਂ ਬਾਅਦ ਵੀ ਸਿਖਰਲੇ 100 ਅਮੀਰ ਲੋਕਾਂ ਦੀ ਜਾਇਦਾਦ 'ਚ 26 ਫ਼ੀ ਸਦੀ ਵਾਧਾ ਹੋਇਆ ਹੈ।
ਅਮੀਰਾਂ ਦੀ ਜਾਇਦਾਦ ਮਾਪਣ ਵਾਲੇ ਰਸਾਲੇ ਫ਼ੋਰਬਸ ਦੀ ਸਾਲਾਨਾ ਸੂਚੀ 'ਇੰਡੀਆ ਰਿਚ ਲਿਸਟ 2017' 'ਚ ਇਹ ਜਾਣਕਾਰੀ ਦਿਤੀ ਗਈ ਹੈ। ਰਸਾਲੇ ਅਨੁਸਾਰ ਦੇਸ਼ ਦੀ ਤੀਜੀ ਵੱਡੀ ਸਾਫ਼ਟਵੇਅਰ ਕੰਪਨੀ ਵਿਪਰੋ ਦੇ ਅਜ਼ੀਮ ਪ੍ਰੇਮਜੀ 19 ਅਰਬ ਡਾਲਰ ਦੇ ਨੈੱਟਵਰਥ ਨਾਲ ਦੂਜੇ ਸਥਾਨ ਉਤੇ ਕਾਬਜ਼ ਹੋਏ ਹਨ। ਉਹ ਪਿਛਲੇ ਸਾਲ ਦੇ ਮੁਕਾਬਲੇ ਦੋ ਪੌੜੀਆਂ ਉੱਪਰ ਚੜ੍ਹੇ ਹਨ। ਦਵਾਈਆਂ ਬਣਾਉਣ ਕੰਪਨੀ ਸਨ ਫ਼ਾਰਮਾ ਦੇ ਦਿਲੀਪ ਸਾਂਘਵੀ 12.1 ਅਰਬ ਡਾਲਰ ਦੀ ਜਾਇਦਾਦ ਨਾਲ 9ਵੇਂ ਸਥਾਨ 'ਤੇ ਹਨ। ਉਹ ਪਿਛਲੇ ਸਾਲ ਦੂਜੇ ਨੰਬਰ 'ਤੇ ਸਨ।
ਇਸ ਤੋਂ ਬਾਅਦ ਵੀ ਸ਼ੇਅਰ ਬਾਜ਼ਾਰਾਂ ਨੇ ਨਵੀਆਂ ਉਚਾਈਆਂ ਹਾਸਲ ਕੀਤੀਆਂ ਜਿਸ ਨਾਲ ਭਾਰਤ ਦੇ ਸਿਖਰਲੇ 100 ਅਮੀਰਾਂ ਦੀ ਜਾਇਦਾਦ 'ਚ ਵਾਧਾ ਹੋਇਆ।ਮੁਕੇਸ਼ ਅੰਬਾਨੀ ਦੇ ਮਾਮਲੇ 'ਚ ਤੇਲ ਸੋਧ ਮੁਨਾਫ਼ੇ ਸੁਧਰਨ ਅਤੇ ਦੂਰਸੰਚਾਰ ਇਕਾਈ ਰਿਲਾਇੰਸ ਜਿਉ ਦੀ ਸ਼ੁਰੂਆਤ ਤੋਂ ਬਾਅਦ 13 ਕਰੋੜ ਗਾਹਕ ਜੋੜਨ ਨਾਲ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰਾਂ 'ਚ ਉਛਾਲ ਆਇਆ। ਹਿੰਦੂਜਾ ਬ੍ਰਦਰਜ਼ 18.4 ਅਰਬ ਡਾਲਰ ਦੇ ਨਾਲ ਤੀਜੇ ਸਥਾਨ 'ਤੇ, ਲਕਸ਼ਮੀ ਮਿੱਤਲ 16.5 ਅਰਬ ਡਾਲਰ ਨਾਲ ਚੌਥੇ ਸਥਾਨ 'ਤੇ ਅਤੇ ਪਲੋਨਜੀ ਮਿਸਤਰੀ 16 ਅਰਬ ਡਾਲਰ ਦੇ ਨਾਲ ਪੰਜਵੇਂ ਸਥਾਨ 'ਤੇ ਰਹੇ। ਸੂਚੀ 'ਚ ਪਹਿਲੀ ਵਾਰੀ ਸ਼ਾਮਲ ਹੋਣ ਵਾਲਿਆਂ 'ਚ ਮੋਬਾਈ ਵਾਲੇਟ ਪੇਟੀਐਮ ਦੇ ਵਿਜੈ ਸ਼ੇਖਰ ਸ਼ਰਮਾ 1.47 ਅਰਬ ਡਾਲਰ ਨਾਲ 99ਵੇਂ ਸਥਾਨ 'ਤੇ ਰਹੇ। ਸੂਚੀ 'ਚ ਪਿਛਲੇ ਇਕ ਸਾਲ ਦੌਰਾਨ ਇਕ ਦਰਜਨ ਤੋਂ ਜ਼ਿਆਦਾ ਅਰਬਪਤੀਆਂ ਦੀ ਜਾਇਦਾਦ 'ਚ ਕਮੀ ਵੀ ਵੇਖੀ ਗਈ ਹੈ। ਇਸ 'ਚ ਅੱਧੇ ਤੋਂ ਜ਼ਿਆਦਾ ਦਵਾਈ ਖੇਤਰ 'ਚ ਹਨ। ਵੱਖੋ-ਵੱਖ ਚੁਨੌਤੀਆਂ ਕਰ ਕੇ ਦਵਾਈ ਖੇਤਰ ਨੂੰ ਪਿਛਲੇ ਸਾਲ ਨਰਮੀ ਦਾ ਸਾਹਮਣਾ ਕਰਨਾ ਪਿਆ ਹੈ। (ਪੀਟੀਆਈ)