ਹੁਣ ਫ਼ਰੂਖ਼ਾਬਾਦ ਦੇ ਹਸਪਤਾਲ ਵਿਚ ਹੋਈ 49 ਬੱਚਿਆਂ ਦੀ ਮੌਤ

ਖ਼ਬਰਾਂ, ਰਾਸ਼ਟਰੀ



ਫਾਰੂਖ਼ਾਬਾਦ/ਲਖਨਊ, 4 ਸਤੰਬਰ: ਉਤਰ ਪ੍ਰਦੇਸ਼ ਦੇ ਫ਼ਰੂਖਾਬਾਦ ਜ਼ਿਲ੍ਹਾ ਹਸਪਤਾਲ ਵਿਚ ਪਿਛਲੇ ਇਕ ਮਹੀਨੇ ਦੌਰਾਨ 49 ਬੱਚਿਆਂ ਦੀ ਮੌਤ ਦੀ ਸੂਚਨਾ ਹੈ। ਇਸ ਤੋਂ ਬਾਅਦ ਅੱਜ ਉਤਰ ਪ੍ਰਦੇਸ਼ ਸਰਕਾਰ ਨੇ ਫਾਰੂਖ਼ਾਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ, ਹਸਪਤਾਲ ਦੇ ਮੁੱਖ ਮੈਡੀਕਲ ਅਫ਼ਸਰ ਅਤੇ ਮੁੱਖ ਮੈਡੀਕਲ ਸੁਪਰਡੈਂਟ ਦੇ ਤਬਾਦਲੇ ਕਰ ਦਿਤੇ ਹਨ। ਜ਼ਿਆਦਾਤਰ ਬੱਚਿਆਂ ਦੀ ਮੌਤ ਦਮ ਘੁਟਣ ਦੀ ਬਿਮਾਰੀ ਕਰ ਕੇ ਹੋਈ। ਇਸ ਤੋਂ ਬਾਅਦ ਸ਼ਹਿਰ ਦੇ ਡੀ.ਐਮ. ਅਤੇ ਸੀ.ਐਮ.ਓ. ਦਾ ਤਬਾਦਲਾ ਕਰ ਦਿਤਾ ਗਿਆ।
ਇਕ ਸਰਕਾਰੀ ਬੁਲਾਰੇ ਨੇ ਲਖਨਊ ਵਿਚ ਕਿਹਾ ਕਿ ਹਸਪਤਾਲ ਦੇ ਰੀਕਾਰਡ ਅਨੁਸਾਰ 20 ਜੁਲਾਈ ਤੋਂ ਲੈ ਕੇ 21 ਅਗੱਸਤ ਤਕ 49 ਬੱਚਿਆਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚ 30 ਬੱਚਿਆਂ ਦੀ ਮੌਤ ਆਈ.ਸੀ.ਯੂ. ਅਤੇ 19 ਬੱਚਿਆਂ ਦੀ ਮੌਤ ਡਿਲੀਵਰੀ ਦੌਰਾਨ ਹੋਈ। ਅਧਿਕਾਰੀ ਨੇ ਕਿਹਾ ਕਿ ਬੱਚਿਆਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਲਈ ਇਕ ਉੱਚ ਪਧਰੀ ਟੀਮ ਫਾਰੂਖ਼ਾਬਾਦ ਭੇਜੀ ਜਾਵੇਗੀ। ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਬੀਤੀ ਰਾਤ ਫਾਰੂਖ਼ਾਬਾਦ ਵਿਚ ਪੁਲਿਸ ਨੇ ਸੀਐਮਓ ਅਤੇ ਸੀਐਮਐਸ ਵਿਰੁਧ ਮਾਮਲਾ ਦਰਜ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਨਿਊਜ਼ ਚੈਨਲਾਂ 'ਤੇ ਇਹ ਖ਼ਬਰ ਚਲਣ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਦੇ ਦਫ਼ਤਰ ਨੇ ਨੋਟਿਸ ਲੈਂਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਰਜਿੰਦਰ ਕੁਮਾਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿਤੇ।
ਸਿਟੀ ਮੈਜਿਸਟ੍ਰੇਟ ਜੈਇੰਦਰ ਕੁਮਾਰ ਜੈਨ ਅਤੇ ਐਸਡੀਐਮ ਅਜੀਤ ਕੁਮਾਰ ਸਿੰਘ ਨੇ ਕਿਹਾ ਕਿ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਬੱਚਿਆਂ ਦੀ ਮੌਤ ਹਸਪਤਾਲ ਵਿਚ ਆਕਸੀਜਨ ਦੀ ਘਾਟ ਕਾਰਨ ਹੋਈ ਹੈ। ਉਨ੍ਹਾਂ ਅਪਣੀ ਰੀਪੋਰਟ ਵਿਚ ਇਹ ਵੀ ਕਿਹਾ ਕਿ ਹਸਪਤਾਲ ਦੇ ਸੀਐਮਓ ਅਤੇ ਸੀਐਮਐਸ ਜਾਂਚ ਦੀ ਸਹਿਯੋਗ ਨਹੀਂ ਕਰ ਰਹੇ ਅਤੇ ਨਾ ਹੀ ਉਹ ਠੀਕ ਰੀਪੋਰਟ ਦੇ ਰਹੇ ਹਨ।             (ਪੀ.ਟੀ.ਆਈ.)