ਹੁਣ ਹਿੰਦੂ ਕੱਟੜਪੰਥੀਆਂ ਵੱਲੋਂ ਜਵਾਬੀ "ਲਵ ਜੇਹਾਦ" ਦਾ ਐਲਾਨ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਸਵੈ ਸੇਵਕ ਸੰਘ ਦੇ ਇੱਕ ਵਿੰਗ ਹਿੰਦੂ ਜਾਗਰਣ ਮੰਚ ਨੇ ਐਲਾਨ ਕੀਤਾ ਹੈ ਕਿ ਅਗਲੇ ਹਫਤੇ ਤੋਂ ਉਹ 2,100 ਮੁਸਲਿਮ ਔਰਤਾਂ ਨੂੰ ਹਿੰਦੂ ਮਰਦਾਂ ਨਾਲ ਵਿਆਹੁਣ ਲਈ ਮੁਹਿੰਮ ਸ਼ੁਰੂ ਕਰਨਗੇ।  


ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਇਸ ਲਈ ਉਹਨਾਂ ਨੇ "ਬੇਟੀ ਬਚਾਓ, ਬਹੂ ਲਿਆਓ" ਨਾਂਅ ਦਾ ਇੱਕ ਪ੍ਰੋਗਰਾਮ ਉਲੀਕਿਆ ਹੈ। ਉਹਨਾਂ ਕਿਹਾ ਕਿ ਇਸ ਅਧੀਨ ਅਜਿਹੇ ਨਵੇਂ ਵਿਆਹੇ ਜੋੜਿਆਂ ਨੂੰ ਆਰਥਿਕ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਇਹ ਵੀ ਕਿਹਾ ਗਿਆ ਹੈ ਕਿ ਵਿਆਹ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਿਕ ਹੋਣਗੇ ਅਤੇ ਲੜਕੀ ਨੂੰ ਧਰਮ ਬਦਲਣ ਦੀ ਲੋੜ ਨਹੀਂ ਹੋਵੇਗੀ।


ਸੰਗਠਨ ਦੀ ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਅੱਜੂ ਚੌਹਾਨ ਨੇ ਇਸਨੂੰ "ਲਵ ਜੇਹਾਦ" ਦਾ "ਜਵਾਬ" ਦੱਸਿਆ ਹੈ। ਆਮ ਤੌਰ 'ਤੇ ਹਿੰਦੂ ਲੜਕੀਆਂ ਦੁਆਰਾ ਮੁਸਲਿਮ ਲੜਕਿਆਂ ਨਾਲ ਵਿਆਹ ਕਰਵਾਉਣ ਨੂੰ ਲਵ ਜੇਹਾਦ ਦਾ ਨਾਂਅ ਦਿੱਤਾ ਜਾਂਦਾ ਹੈ।


ਚੌਹਾਨ ਨੇ ਕਿਹਾ, "ਸਿਰਫ ਹਿੰਦੂ ਕੁੜੀਆਂ ਨੂੰ ਮੁਸਲਿਮ ਨੌਜਵਾਨਾਂ ਦੁਆਰਾ ਲਵ ਜੇਹਾਦ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ." ਚੌਹਾਨ ਨੇ ਕਿਹਾ ਕਿ ਮੁਸਲਿਮ ਲੜਕੇ ਆਪਣੀ ਮੁਸਲਿਮ ਪਛਾਣ ਲੁਕਾਉਂਦੇ ਹਨ, ਤਿਲਕ ਲਗਾਉਂਦੇ ਹਨ, ਪਵਿੱਤਰ ਧਾਗੇ ਵੀ ਪਹਿਨਦੇ ਹਨ ਅਤੇ ਹਿੰਦੂ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਲਈ ਹਨੂਮਾਨ ਚਲੀਸਾ ਦਾ ਪਾਠ ਵੀ ਕਰਦੇ ਹਨ। ਅੱਜੂ ਨੇ ਕਿਹਾ ਕਿ ਅਸੀਂ ਇਸ ਮੁਹਿੰਮ ਰਾਹੀਂ ਅਸੀਂ ਉਨ੍ਹਾਂ ਨੂੰ ਉਹਨਾਂ ਦੀ ਹੀ ਭਾਸ਼ਾ ਵਿਚ ਜਵਾਬ ਦਿਆਂਗੇ।  


ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਮੁਹਿੰਮ ਨਾਲ ਆਬਾਦੀ ਵੀ ਕੰਟਰੋਲ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇੱਕ ਮੁਸਲਿਮ ਲੜਕੀ ਦਾ ਵਿਆਹ ਇੱਕ ਮੁਸਲਿਮ ਪਰਿਵਾਰ ਵਿੱਚ ਹੁੰਦਾ ਹੈ ਤਾਂ ਉਸ ਨੂੰ 10 ਬੱਚੇ ਪੈਦਾ ਕਰਨੇ ਪੈਣਗੇ ਅਤੇ ਜਦੋਂ ਇਹ ਬੱਚੇ ਵੱਡੇ ਹੋਣਗੇ ਤਾਂ ਉਹ ਵੀ ਹਿੰਦੂਆਂ ਵਿਰੁੱਧ ਬੋਲਣਗੇ ਪਰ ਜੇ ਉਹੀ ਲੜਕੀ ਇੱਕ ਹਿੰਦੂ ਪਰਵਾਰ ਵਿੱਚ ਵਿਆਹ ਕਰਵਾਏ ਤਾਂ ਇੱਕ ਤਾਂ ਉਸਨੂੰ ਐਨੇ ਬੱਚਿਆਂ ਨੂੰ ਜਨਮ ਨਹੀਂ ਦੇਣਾ ਪਵੇਗਾ ਅਤੇ ਦੂਜਾ ਇਸ ਨਾਲ ਹਿੰਦੂਆਂ ਦੀ ਆਬਾਦੀ ਵਿੱਚ ਵਾਧਾ ਹੋਵੇਗਾ।


ਇਸ ਗਰੁੱਪ ਨੇ 2016 ਵਿੱਚ ਉੱਤਰ ਪ੍ਰਦੇਸ਼ ਵਿੱਚ "ਹਿੰਦੂ ਲੜਕੀਆਂ ਬਚਾਓ" ਨਾਂਅ ਦੀ ਇੱਕ ਮੁਹਿੰਮ ਵੀ ਚਲਾਈ ਸੀ। ਇਸ ਅਧੀਨ ਉਹਨਾਂ ਨੇ "ਮੁਸਲਮਾਨਾਂ ਨਾਲ ਵਿਆਹ ਕਰਨ ਦੇ ਮਾੜੇ ਪ੍ਰਭਾਵ" ਦੇ ਪੈਂਫਲੈਟ ਵੰਡ ਕੇ ਲੜਕੀਆਂ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। 

 

ਦੇਸ਼ ਅੰਦਰ ਕੈਸੇ ਹਾਲਾਤ ਪੈਦਾ ਹੋ ਰਹੇ ਹਨ। ਧਰਮ ਦੀ ਆੜ ਵਿੱਚ ਗੁੰਡਾਗਰਦੀ ਫੈਲਾਉਣ ਦੇ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਕੱਟੜਪੰਥੀ ਹੇਠ ਹਰ ਕਿਸੇ ਦੀ ਨਿਜੀ ਜ਼ਿੰਦਗੀ ਨੂੰ ਸ਼ਿਕੰਜੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਕਰਨ ਵਾਲੇ ਨਾ ਤਾਂ ਧਰਮ ਦੀ ਸੇਵਾ ਕਰ ਰਹੇ ਹਨ ਅਤੇ ਨਾ ਹੀ ਇਨਸਾਨੀਅਤ ਦੀ।