ਨਵੀਂ ਦਿੱਲੀ- ਭਾਰਤ ਸਰਕਾਰ ਦੇ ਕੂਟਨੀਤਕ ਯਤਨਾਂ ਨੂੰ ਜ਼ੋਰ ਦੇਣ 'ਤੇ ਭਾਰਤੀ ਭਾਈਚਾਰੇ ਤੱਕ ਪ੍ਰੋਗਰਾਮਾਂ ਨੂੰ ਪਹੁੰਚਾਉਣ ਦੇ ਮੰਤਵ ਨਾਲ ਆਕਾਸ਼ਵਾਣੀ ਹੁਣ ਕੈਨੇਡਾ, ਜਾਪਾਨ, ਜਰਮਨੀ ਆਦਿ ਦੇਸ਼ਾਂ ਲਈ ਨਵੀਆਂ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇ ਇਹ ਯੋਜਨਾ ਸਿਰੇ ਚੜ੍ਹ ਜਾਂਦੀ ਹੈ ਤਾਂ ਇਨ੍ਹਾਂ ਦੇਸ਼ਾਂ 'ਚ ਵੀ 'ਭਾਰਤੀ-ਆਕਾਸ਼ਵਾਣੀ' ਸੁਣਨ ਨੂੰ ਮਿਲ ਸਕਦੀ ਹੈ।
ਆਕਾਸ਼ਵਾਣੀ ਦੇ ਵਿਦੇਸ਼ ਸੇਵਾ ਡਵੀਜ਼ਨ (ਈ. ਐੱਸ. ਡੀ.) ਦੇ ਡਾਇਰੈਕਟਰ ਪਰੋਸਨਲ ਵਿਭਾਗ ਜੋਤੀ ਮਜੂਮਦਾਰ ਨੇ ਦੱਸਿਆ ਕਿ ਕੈਨੇਡਾ, ਦੱਖਣੀ ਅਫਰੀਕਾ ਤੇ ਮਾਲਦੀਵ ਉਨਾਂ ਦੇਸ਼ਾਂ ਦੀ ਸੂਚੀ ਵਿਚ ਹਨ, ਜਿੱਥੇ ਆਕਾਸ਼ਵਾਣੀ ਆਪਣੇ ਪ੍ਰੋਗਰਾਮ ਚਲਾਉਣ ਦੀ ਯੋਜਨਾ ਰੱਖਦਾ ਹੈ। ਜਾਣਕਾਰੀ ਮੁਤਾਬਿਕ ਇਸ ਵੇਲੇ ਆਕਾਸ਼ਵਾਣੀ ਦੇ ਵਿਦੇਸ਼ ਸੇਵਾ ਡਵੀਜ਼ਨ ਦੀ ਪਹੁੰਚ 27 ਭਾਸ਼ਾਵਾਂ ਵਿੱਚ ਲਗਭਗ 150 ਦੇਸ਼ਾਂ ਤੱਕ ਹੈ।
ਜੋਤੀ ਮਜੂਮਦਾਰ ਨੇ ਕਿਹਾ, 'ਈ. ਐੱਸ. ਡੀ. ਨੇ ਜਾਪਾਨ, ਕੈਨੇਡਾ, ਜਰਮਨੀ, ਦੱਖਣੀ ਅਫਰੀਕਾ, ਮਾਲਦੀਵ ਅਤੇ ਕਾਮਨਵੈੱਲਥ ਦੇ ਕੁੱਝ ਦੇਸ਼ਾਂ ਵਰਗੀਆਂ ਜਗ੍ਹਾ ਉੱਤੇ ਆਪਣੀਆਂ ਨਵੀਆਂ ਸੇਵਾਵਾਂ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਹੈ।' ਈ. ਐੱਸ. ਡੀ. ਦੀ ਪ੍ਰੋਗਰਾਮ ਸੂਚੀ ਵਿੱਚ ਸਮਾਚਾਰ ਬੁਲੇਟਿਨ, ਤੱਤਕਾਲੀਨ ਮੁੱਦਿਆਂ 'ਤੇ ਟਿੱਪਣੀਆਂ ਅਤੇ ਭਾਰਤੀ ਪ੍ਰੈੱਸ ਦੀ ਸਮੀਖਿਆ ਸ਼ਾਮਲ ਹਨ।
ਉਨਾਂ ਕਿਹਾ ਕਿ ਇਹ ਸੇਵਾਵਾਂ ਗਲੋਬਲ ਸੁਣਨ ਵਾਲਿਆਂ ਤੱਕ ਸੰਪਰਕ ਹੋਰ ਮਜ਼ਬੂਤ ਕਰਨ ਦੇ ਸਰਕਾਰ ਦੇ ਯਤਨਾਂ ਨੂੰ ਮਜ਼ਬੂਤ ਕਰਨਗੀਆਂ।