ਤਾਜ਼ਾ ਮਿਲੀਆਂ ਜਾਣਕਾਰੀਆਂ ਦੇਸ਼ ਦੇ ਹਾਲਾਤਾਂ ਬਾਰੇ ਬਹੁਤ ਕੁਝ ਬਿਆਨ ਕਰਦੀਆਂ ਹਨ। ਧਰਮ, ਜ਼ਾਤ-ਪਾਤ ਅਧਾਰਿਤ ਵਿਤਕਰੇ ਦੀਆਂ ਘਟਨਾਵਾਂ ਦੇਸ਼ ਅੰਦਰ ਫਿਰਕਾਪ੍ਰਸਤੀ ਦੇ ਮਾਹੌਲ ਵੱਲ੍ਹ ਇਸ਼ਾਰਾ ਕਰ ਰਹੀਆਂ ਹਨ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਇਸ ਸਾਰੇ ਮਾਮਲੇ ਦੀ ਪੇਚੀਦਗੀ ਨੂੰ ਵਧਾ ਰਹੀਆਂ ਹਨ।
431 ਪਾਕਿਸਤਾਨੀ ਨਾਗਰਿਕ ਜਿਹਨਾਂ ਵਿੱਚ ਜਿਆਦਾਤਰ ਹਿੰਦੂ ਹਨ, ਉਹਨਾਂ ਨੂੰ ਸਰਕਾਰ ਨੇ ਲੰਬੇ ਸਮੇਂ ਲਈ ਵੀਜ਼ੇ ਜਾਰੀ ਕਰ ਦਿੱਤੇ ਹਨ, ਜਿਸ ਨਾਲ ਉਨ੍ਹਾਂ ਨੂੰ ਪੈਨ ਅਤੇ ਆਧਾਰ ਕਾਰਡ ਬਣਵਾਉਣ ਦੇ ਨਾਲ ਨਾਲ ਜਾਇਦਾਦ ਖਰੀਦਣ ਦੀ ਇਜਾਜ਼ਤ ਮਿਲ ਗਈ ਹੈ ਅਤੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਤੋਂ ਜਿਸ ਕਾਰਨ ਇਸਦੇ ਪੁਖ਼ਤਾ ਹੋਣ ਬਾਰੇ ਜ਼ਿਆਦਾ ਸ਼ੱਕ ਨਹੀਂ ਕੀਤਾ ਜਾ ਸਕਦਾ।
ਇਹ ਕਦਮ ਨਰਿੰਦਰ ਮੋਦੀ ਸਰਕਾਰ ਨੇ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਦੀ ਮਦਦ ਕਰਨ ਲਈ ਚੁੱਕਿਆ ਹੈ ਜਿਹਨਾਂ ਨੂੰ ਉਨ੍ਹਾਂ ਦੇ ਘਰੇਲੂ ਦੇਸ਼ ਵਿੱਚ ਕਥਿੱਤ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੇਂਦਰ ਦੀ ਇਸ ਨਵੀਂ ਨੀਤੀ ਦੇ ਤਹਿਤ, ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿੱਚ ਰਹਿੰਦੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈਆਂ ਨੂੰ ਬਾਹਰਤ ਵਿੱਚ ਰਹਿਣ ਲਈ ਲੰਬੇ ਸਮੇਂ ਦੇ ਵੀਜ਼ੇ ਅਤੇ ਇਕ ਛੋਟੇ ਘਰ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਰੁਜ਼ਗਾਰ ਅਤੇ ਪਰਿਵਾਰ ਦੇ ਪਾਲਣ -ਪੋਸ਼ਣ ਲਈ ਢੁਕਵੀਆਂ ਲੋੜਾਂ ਦੀ ਵੀ ਗੱਲ ਕੀਤੀ ਗਈ ਹੈ। ਹਾਲਾਂਕਿ ਇਹਨਾਂ ਨੂੰ ਉੱਚ ਸੁਰੱਖਿਆ ਅਤੇ ਛਾਉਣੀ ਦੇ ਖੇਤਰਾਂ ਵਿੱਚ ਜਾਇਦਾਦ ਖਰੀਦਣ 'ਤੇ ਰੋਕ ਹੈ। ਇਹਨਾਂ ਲੋਕਾਂ ਨੂੰ ਪੈਨ ਕਾਰਡ, ਆਧਾਰ ਨੰਬਰ ਅਤੇ ਡ੍ਰਾਈਵਿੰਗ ਲਾਇਸੈਂਸ ਲੈਣ, ਸਵੈ-ਰੁਜ਼ਗਾਰ ਜਾਂ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਉਹਨਾਂ ਨੂੰ ਆਪਣੇ ਵੱਖੋ-ਵੱਖ ਸੂਬਿਆਂ ਵਿੱਚ ਆਜ਼ਾਦੀ ਨਾਲ ਰਹਿਣ ਅਤੇ ਵੀਜ਼ਾ ਦਸਤਾਵੇਜ਼ਾਂ ਦੇ ਤਬਾਦਲੇ ਦੀ ਵੀ ਇਜਾਜ਼ਤ ਦਿੱਤੀ ਜਾਂਦੀ ਹੈ।
ਲੰਬੇ ਸਮੇਂ ਦੇ ਵੀਜ਼ਾ ਵਾਲੇ ਇਹ 431 ਪਾਕਿਸਤਾਨੀ ਨਾਗਰਿਕ ਹੁਣ ਭਾਰਤੀ ਰਿਜ਼ਰਵ ਬੈਂਕ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਬੈਂਕ ਖਾਤੇ ਖੋਲ੍ਹਣ ਦੇ ਯੋਗ ਹੋ ਗਏ ਹਨ।
ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿਚ 29 ਦਸੰਬਰ ਤੋਂ 31 ਦਸੰਬਰ ਤੱਕ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਵਿੱਚ ਅਹਿਮਦੀਆ ਜਮਾਤ ਦੇ 123 ਵੇਂ' ਸਾਲਾਨਾ ਜਲਸੇ ਵਿੱਚ ਸ਼ਾਮਲ ਹੋਣ ਲਈ ਅਹਿਮਦੀਆ ਸਮਾਜ ਨਾਲ ਸੰਬੰਧਿਤ 1800 ਪਾਕਿਸਤਾਨੀ ਨਾਗਰਿਕਾਂ ਨੂੰ ਮਨਜ਼ੂਰੀ ਦਿੱਤੀ ਸੀ।
ਸਮਾਗਮ ਵਿੱਚ ਵਿੱਚ ਸ਼ਾਮਲ ਹੋਣ ਲਈ ਪਿਛਲੇ ਸਾਲ ਕਿਸੇ ਪਾਕਿਸਤਾਨੀ ਨਾਗਰਿਕ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਸੀ, ਜਦਕਿ 2015 ਵਿੱਚ 5,000 ਪਾਕਿਸਤਾਨੀ ਨਾਗਰਿਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੀ।
ਪਠਾਨਕੋਟ ਏਅਰ ਬੇਸ 'ਤੇ ਹੋਏ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਸੰਬੰਧ ਕਾਫੀ ਅਸਥਿਰ ਚੱਲ ਰਹੇ ਸੀ ਅਤੇ ਇਸ ਹਮਲੇ ਵਿੱਚ ਵਿਚ ਸੱਤ ਭਾਰਤੀ ਸੈਨਿਕ ਮਾਰੇ ਗਏ ਸਨ। ਪਰ ਇਸਦੇ ਬਾਵਜੂਦ ਪਾਕਿਸਤਾਨੀਆਂ ਨੂੰ ਲੰਬੇ ਸਮੇਂ ਦੇ ਵੀਜ਼ੇ ਅਤੇ ਪਾਕਿਸਤਾਨ ਦੇ ਅਹਿਮਦੀਆ ਭਾਈਚਾਰੇ ਦੇ ਮੈਂਬਰਾਂ ਨੂੰ ਮਨਜ਼ੂਰੀ ਪਿਛਲੇ ਦੋ ਸਾਲਾਂ ਵਿੱਚ ਸਭ ਤੋਂ ਵੱਧ ਹੈ।
ਇੱਕ ਹੋਰ ਗ੍ਰਹਿ ਮੰਤਰਾਲੇ ਦੇ ਸੂਤਰ ਅਨੁਸਾਰ ਗ੍ਰਹਿ ਮੰਤਰਾਲੇ ਨੇ ਸਤੰਬਰ ਵਿੱਚ ਪਾਕਿਸਤਾਨ, ਅਫਗਾਨਿਸਤਾਨ, ਚੀਨ ਅਤੇ ਕਈ ਹੋਰ ਦੇਸ਼ਾਂ ਤੋਂ ਲਗਭੱਗ 4,000 ਤੋਂ ਵੱਧ ਵੀਜ਼ਾ ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ। ਸਤੰਬਰ ਵਿਚ ਕੁੱਲ 6,025 ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 4,057 ਨੂੰ ਮਨਜ਼ੂਰੀ ਦਿੱਤੀ ਗਈ। ਪਾਕਿਸਤਾਨ, ਅਫਗਾਨਿਸਤਾਨ, ਚੀਨ ਅਤੇ ਕੁਝ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਲਈ ਗ੍ਰਹਿ ਮੰਤਰਾਲੇ ਤੋਂ ਪਹਿਲਾਂ ਪ੍ਰਵਾਨਗੀ ਦੀ ਜ਼ਰੂਰਤ ਹੁੰਦੀ ਹੈ। ਜਿਹਨਾਂ ਪਾਕਿਸਤਾਨੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਯਾਤਰਾ ਦਸਤਾਵੇਜ ਮੈਡੀਕਲ ਵੀਜ਼ਾ ਸ਼੍ਰੇਣੀ ਤਹਿਤ ਦਿੱਤੇ ਜਾਣਗੇ।
ਭਾਰਤ ਵਿੱਚ ਰਹਿ ਰਹੇ ਗ਼ੈਰ-ਹਿੰਦੂ ਘੱਟ ਗਿਣਤੀਆਂ ਨਾਲ ਨਿੰਦਣਯੋਗ ਸਲੂਕ ਵਾਲਿਆਂ ਘਟਨਾਵਾਂ ਅਤੇ ਪਾਕਿਸਤਾਨੀ ਹਿੰਦੂਆਂ ਨੂੰ ਪੈਨ ਕਾਰਡ, ਆਧਾਰ ਕਾਰਡ ਜ਼ਮੀਨ ਖਰੀਦਣ ਅਤੇ ਹੋਰ ਮੁਢਲੀਆਂ ਸੇਵਾਵਾਂ ਦਾ ਹੱਕ ਦੇਣਾ ਬਹੁਤ ਸਾਰੇ ਅਣਸੁਲਝੇ ਸਵਾਲਾਂ ਨੂੰ ਜਨਮ ਦਿੰਦਾ ਹੈ।