ਇਨਸਾਫ਼ 'ਚ ਭਾਵੇਂ ਦੇਰ ਹੋਈ ਪਰ ਮਿਲਿਆ ਜ਼ਰੂਰ

ਖ਼ਬਰਾਂ, ਰਾਸ਼ਟਰੀ


ਮੁੰਬਈ, 10 ਸਤੰਬਰ : ਕੇਸ ਕਰਨ ਵਾਲੇ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ ਅਤੇ ਉਸ ਦੇ ਕਾਨੂੰਨੀ ਵਾਰਸਾਂ ਨੇ ਕੇਸ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿਤਾ। ਉਨ੍ਹਾਂ ਦੀ ਮਿਹਨਤ ਆਖ਼ਰ ਸਫ਼ਲ ਹੋਈ ਜਦ ਹਾਈ ਕੋਰਟ ਦੇ ਜੱਜ ਨੇ ਪਿਛਲੇ ਹਫ਼ਤੇ ਹੁਕਮ ਜਾਰੀ ਕਰਦਿਆਂ ਕਿਰਾਏਦਾਰ ਸਿਵੜੀ ਨੂੰ ਮਕਾਨ 12 ਹਫ਼ਤਿਆਂ ਦੇ ਅੰਦਰ-ਅੰਦਰ ਖ਼ਾਲੀ ਕਰਨ ਲਈ ਕਹਿ ਦਿਤਾ ਜਿਹੜਾ ਉਸ ਨੇ 1967 ਤੋਂ ਕਿਰਾਏ 'ਤੇ ਲਿਆ ਹੋਇਆ ਸੀ।
ਜੱਜ ਜੀਐਸ ਕੁਲਕਰਣੀ ਨੇ ਨਿਆਂ ਪ੍ਰਣਾਲੀ ਦੀ ਸੁਸਤੀ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ''ਇਕ ਚੇਤੰਨ ਨਿਆਇਕ ਦਿਮਾਗ਼ ਵਾਸਤੇ ਇਹ ਇਕ ਝਟਕਾ ਹੈ ਕਿ ਕਰੀਬ 48 ਸਾਲ ਪਹਿਲਾਂ ਕੇਸ ਕੀਤਾ ਗਿਆ ਸੀ ਅਤੇ ਹੁਣ ਬਚਾਅ ਪੱਖ ਇਸ ਦੀ ਗੋਲਡਨ ਜੁਬਲੀ ਮਨਾਏਗਾ।' 

  ਅਰਜ਼ੀ ਮੁਤਾਬਕ ਨਾਨਜੀ 1969 ਵਿਚ ਹੇਠਲੀ ਅਦਾਲਤ ਗਏ ਸੀ  ਕਿਉਂਕਿ ਕਿਰਾਏ 'ਤੇ ਦੇਣ ਤੋਂ ਦੋ ਸਾਲ ਬਾਅਦ ਹੀ ਕਿਰਾਏਦਾਰ ਜਿਵਰਾਜ ਭਾਨਜੀ ਨੇ ਮਕਾਨ ਖ਼ਾਲੀ ਕਰਨ ਤੋਂ ਇਨਕਾਰ ਕਰ ਦਿਤਾ ਸੀ। ਹੇਠਲੀ ਅਦਾਲਤ ਵਿਚ ਜਾਣ ਦੇ ਕੁੱਝ ਮਹੀਨਿਆਂ ਬਾਅਦ ਨਾਨਜੀ ਨੂੰ ਪਤਾ ਲੱਗਾ ਕਿ ਭਾਨਜੀ, ਉਸ ਦੀ ਘਰ ਵਾਲੀ ਅਤੇ ਉਸ ਦੇ ਪੰਜ ਬੱਚੇ ਵਡਾਲਾ ਇਲਾਕੇ ਵਿਚ ਇਕ ਹੋਰ ਮਕਾਨ ਵਿਚ ਚਲੇ ਗਏ ਪਰ ਉਹ ਉਸ ਦੇ ਫ਼ਲੈਟ ਨੂੰ ਅਪਣੇ ਮਜ਼ਦੂਰਾਂ ਦੀ ਕੈਂਟੀਨ ਵਜੋਂ ਵਰਤਣ ਲੱਗ ਪਏ। ਹੇਠਲੀ ਅਦਾਲਤ ਨੇ 1984 'ਚ ਫ਼ਲੈਟ ਖ਼ਾਲੀ ਕਰਨ ਦਾ ਹੁਕਮ ਜਾਰੀ ਕਰ ਦਿਤਾ ਸੀ। ਸਾਲ 1988 ਵਿਚ ਨਾਨਜੀ  ਦਾ ਮੁੰਡਾ ਹਾਈ ਕੋਰਟ ਗਿਆ ਅਤੇ ਇਸ ਦੌਰਾਨ ਭਾਨਜੀ ਦੀ ਮੌਤ ਹੋ ਗਈ ਪਰ ਸਿਵੜੀ ਵਾਲਾ ਫ਼ਲੈਟ ਉਨ੍ਹਾਂ ਦੇ ਬੱਚਿਆਂ ਦੇ ਕਬਜ਼ੇ ਵਿਚ ਰਿਹਾ। ਮੁਕੱਦਮੇ ਦੌਰਾਨ ਮਕਾਨ ਮਾਲਕ ਦੀ ਵੀ ਮੌਤ ਹੋ ਗਈ ਸੀ।  
(ਏਜੰਸੀ)