ਨਵੀਂ ਦਿੱਲੀ: ਰਿਜ਼ਰਵ ਬੈਂਕ ਦੀ ਕਰੰਸੀ ਨੀਤੀ ਸਮੀਖਿਆ ਨੂੰ ਲੈ ਕੇ ਦਸੰਬਰ 'ਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਹੀ ਭਾਰਤੀ ਸਟੇਟ ਬੈਂਕ ਨੇ ਕਰਜ਼ੇ 'ਤੇ ਵਿਆਜ ਦਰ ਘਟਾ ਦਿੱਤੀ ਹੈ। ਜਾਣਕਾਰੀ ਮੁਤਾਬਕ ਹੁਣ ਗਾਹਕਾਂ ਨੂੰ ਕਰਜ਼ਾ ਪਹਿਲਾਂ ਨਾਲੋਂ ਸਸਤੇ ਰੇਟ 'ਤੇ ਮਿਲੇਗਾ।
ਭਾਰਤੀ ਸਟੇਟ ਬੈਂਕ ਨੇ 10 ਮਹੀਨਿਆਂ ਦੇ ਵੱਡੇ ਫਰਕ ਤੋਂ ਬਾਅਦ ਕਰਜ਼ੇ ਦੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਦੱਸ ਦਈਏ ਕਿ ਐਸ. ਬੀ. ਆਈ. ਦੇ ਇਸ ਕਦਮ ਨੂੰ ਦੇਖਦੇ ਹੋਏ ਦੂਜੇ ਬੈਂਕ ਵੀ ਕਰਜ਼ਾ ਸਸਤਾ ਕਰ ਸਕਦੇ ਹਨ। ਉੱਥੇ ਹੀ, ਐੱਸ. ਬੀ. ਆਈ. ਤੋਂ ਬਾਅਦ ਇਲਾਹਾਬਾਦ ਬੈਂਕ ਨੇ ਵੀ ਆਪਣਾ ਐੱਮ. ਸੀ. ਐੱਲ. ਆਰ. 'ਚ ਕਟੌਤੀ ਦਾ ਐਲਾਨ ਕਰ ਦਿੱਤਾ ਹੈ।
ਇਸੇ ਤਰ੍ਹਾਂ 6 ਮਹੀਨਿਆਂ ਲਈ ਲਏ ਜਾਣ ਵਾਲੇ ਕਰਜ਼ੇ 'ਤੇ ਹੁਣ 7.95 ਫੀਸਦੀ ਦੀ ਬਜਾਏ 7.90 ਫੀਸਦੀ ਵਿਆਜ ਲੱਗੇਗਾ। ਉੱਥੇ ਹੀ, 2 ਸਾਲ ਤੱਕ ਦੇ ਕਰਜ਼ੇ 'ਤੇ 8.05 ਫੀਸਦੀ ਵਿਆਜ ਲਾਗੂ ਹੋਵੇਗਾ, ਜੋ ਹੁਣ ਤੱਕ 8.10 ਫੀਸਦੀ ਸੀ। ਉੱਥੇ ਹੀ, ਤਿੰਨ ਸਾਲ ਦੀ ਮਿਆਦ ਦੇ ਕਰਜ਼ੇ 'ਤੇ ਵਿਆਜ ਦਰ ਹੁਣ 8.10 ਫੀਸਦੀ ਹੋਵੇਗੀ, ਜੋ ਪਹਿਲਾਂ 8.15 ਫੀਸਦੀ ਸੀ।
ਇਲਾਹਾਬਾਦ ਬੈਂਕ ਦੇ ਨਵੇਂ ਰੇਟ, ਨਵੰਬਰ ਤੋਂ ਹੋਣਗੇ ਲਾਗੂ
ਇਲਾਹਾਬਾਦ ਬੈਂਕ ਨੇ ਇਕ ਦਿਨ ਦੇ ਕਰਜ਼ੇ 'ਤੇ ਐੱਮ. ਸੀ. ਐੱਲ. ਆਰ. 7.95 ਤੋਂ ਘਟਾ ਕੇ 7.80 ਫੀਸਦੀ ਕਰ ਦਿੱਤਾ ਹੈ। ਮਹੀਨੇ ਲਈ ਲਏ ਜਾਣ ਵਾਲੇ ਕਰਜ਼ੇ 'ਤੇ 8.05 ਫੀਸਦੀ ਦੀ ਬਜਾਏ ਹੁਣ 7.90 ਫੀਸਦੀ ਵਿਆਜ ਵਸੂਲਿਆ ਜਾਵੇਗਾ। ਉੱਥੇ ਹੀ, ਇਕ ਸਾਲ ਦੇ ਕਰਜ਼ੇ 'ਤੇ 8.30 ਵਿਆਜ ਦਰ ਫੀਸਦੀ ਲਾਗੂ ਹੋਵੇਗੀ, ਜੋ ਪਹਿਲਾਂ 8.45 ਫੀਸਦੀ ਸੀ।
ਇਸੇ ਤਰ੍ਹਾਂ 6 ਮਹੀਨੇ ਲਈ ਲਏ ਜਾਣ ਵਾਲੇ ਕਰਜ਼ੇ 'ਤੇ ਬੈਂਕ ਵੱਲੋਂ 8.20 ਫੀਸਦੀ ਦੀ ਦਰ ਨਾਲ ਵਿਆਜ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਦੋ ਸਾਲ ਦੇ ਲੋਨ 'ਤੇ 8.50 ਫੀਸਦੀ ਅਤੇ ਤਿੰਨ ਸਾਲ ਦੇ ਲੋਨ 'ਤੇ 8.55 ਫੀਸਦੀ ਵਿਆਜ ਦਰ ਵਸੂਲੀ ਜਾਵੇਗੀ, ਜੋ ਪਹਿਲਾਂ ਕ੍ਰਮਵਾਰ 8.65 ਫੀਸਦੀ ਅਤੇ 8.70 ਫੀਸਦੀ ਸੀ।