ਦਿੱਲੀ, 19 ਜਨਵਰੀ : ਕਲ ਸ਼ਾਮ ਅਰਵਿੰਦ ਕੇਜਰੀਵਾਲ ਦੁਆਰਾ ਦਿਤੇ ਗਏ ਰਾਤ ਦੇ ਖਾਣੇ ਵਿਚ ਵਿੱਤ ਮੰਤਰੀ ਅਰਣ ਜੇਤਲੀ ਦੇ ਪਹੁੰਚਣ ਨਾਲ ਸਾਰੇ ਹੈਰਾਨ ਰਹਿ ਗਏ। ਦੋਵੇਂ ਜਣੇ ਸੋਫ਼ੇ 'ਤੇ ਨਾਲ-ਨਾਲ ਬੈਠੇ ਅਤੇ ਆਪਸ ਵਿਚ ਗੱਲਬਾਤ ਕੀਤੀ। ਦੋਹਾਂ ਦੇ ਚਿਹਰਿਆਂ ਉਤੇ ਮੁਸਕਰਾਹਟ ਸਾਫ਼ ਦਿਸ ਰਹੀ ਸੀ। ਇਹ ਵਿਲੱਖਣ ਮੇਲ ਵੇਖ ਕੇ ਡਿਨਰ ਵਿਚ ਸ਼ਾਮਲ ਮਹਿਮਾਨ ਵੀ ਕਾਫ਼ੀ ਚੰਗਾ ਮਹਿਸੂਸ ਕਰ ਰਹੇ ਸਨ। ਦਰਅਸਲ ਕਲ ਜੀਐਸਟੀ ਕੌਂਸਲ ਦੀ ਬੈਠਕ ਸੀ। ਬੈਠਕ ਵਿਚ ਪਹੁੰਚੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਲਈ ਕੇਜਰੀਵਾਲ ਨੇ ਮਸ਼ਹੂਰ ਫ਼ਾਈਵ ਸਟਾਰ ਸੈਂਸਜ਼ ਗਾਰਡਨ ਵਿਚ ਰਾਤ ਦੇ ਖਾਣੇ ਦਾ ਇੰਤਜ਼ਾਮ ਕੀਤਾ ਸੀ। ਜਦ ਬੈਠਕ ਖ਼ਤਮ ਹੋਈ ਤਾਂ ਜੇਤਲੀ ਸਮੇਤ ਹੋਰ ਮੁੱਖ ਮੰਤਰੀ
ਆਪੋ ਅਪਣੇ ਟਿਕਾਣਿਆਂ ਵਲ ਜਾਣ ਲੱਗੇ। ਉਸ ਸਮੇਂ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਅਧਿਕਾਰੀਆਂ ਨੇ ਮਹਿਮਾਨਾਂ ਨੂੰ ਦਸਿਆ ਕਿ ਉੁਨ੍ਹਾਂ ਲਈ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਹੈ। ਸਿਸੋਦੀਆ ਉਚੇਚੇ ਤੌਰ 'ਤੇ ਵਿੱਤ ਮੰਤਰੀ ਕੋਲ ਗਏ ਅਤੇ ਉਨ੍ਹਾਂ ਨੂੰ ਕੇਜਰੀਵਾਲ ਵਲੋਂ ਦਾਅਵਤ ਦਾ ਸੱਦਾ ਦਿਤਾ। ਜੇਤਲੀ ਵੀ ਤਿਆਰ ਹੋ ਗਏ ਅਤੇ ਅਪਣੇ ਜੂਨੀਅਰ ਮੰਤਰੀ ਨਾਲ ਉਕਤ ਗਾਰਡਨ ਵਿਚ ਪਹੁੰਚ ਗਏ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਵਿਰੁਧ ਅਰੁਣ ਜੇਤਲੀ ਨੇ ਮਾਣਹਾਨੀ ਦਾ ਕੇਸ ਪਾਇਆ ਹੋਇਆ ਹੈ ਅਤੇ ਦੋਹਾਂ ਆਗੂਆਂ ਦੀ ਕੜਵਾਹਟ ਕਿਸੇ ਤੋਂ ਲੁਕੀ ਹੋਈ ਨਹੀਂ। ਉਧਰ, ਕਾਂਗਰਸ ਨੇ ਵਿਅੰਗ ਕਸਦਿਆਂ ਕਿਹਾ ਕਿ ਸਰਕਾਰ ਬਦਲੀ-ਬਦਲੀ ਨਜ਼ਰ ਆ ਰਹੀ ਹੈ। (ਏਜੰਸੀ)