ਭਾਜਪਾ ਨੇ ਪੰਜ ਵਾਰੀ ਚੁਣੇ ਗਏ ਵਿਧਾਇਕ ਜੈਰਾਮ ਠਾਕੁਰ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਹੋਣਗੇ। ਭਾਜਪਾ ਹਾਈਕਮਾਨ ਨੇ ਸ਼ਿਮਲਾ 'ਚ ਵਿਧਾਇਕਾਂ ਦੀ ਮੀਟਿੰਗ ਵਿਚ ਉਨ੍ਹਾਂ ਦੇ ਨਾਂਅ ‘ਤੇ ਮੋਹਰ ਲਗਾਈ। ਉਹ ਪੰਜ ਵਾਰ ਤੋਂ ਲਗਾਤਾਰ ਵਿਧਾਇਕ ਬਣਦੇ ਆ ਰਹੇ ਹਨ।27 ਦਸੰਬਰ ਨੂੰ ਉਨ੍ਹਾਂ ਦੀ ਸੂਬੇ ਦੇ ਮੁੱਖ ਮੰਤਰੀ ਅਹੁਦੇ ‘ਤੇ ਤਾਜ਼ਪੋਸ਼ੀ ਕੀਤੀ ਜਾਵੇਗੀ।
ਹਾਲਾਂਕਿ ਮੁੱਖ ਮੰਤਰੀ ਦੀ ਦੌੜ ਵਿਚ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦਾ ਨਾਂਅ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਸੀ ਪਰ ਪਾਰਟੀ ਦੇ ਅੰਦਰ ਨੱਡਾ ਦੇ ਨਾਂਅ ‘ਤੇ ਸਹਿਮਤੀ ਨਹੀਂ ਬਣ ਸਕੀ। ਹੁਣ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਜੈਰਾਮ ਠਾਕੁਰ ਰਾਜਪਾਲ ਦੇ ਕੋਲ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਮੰਡੀ ਜ਼ਿਲ੍ਹੇ ਦੇ ਸਿਰਾਜ ਤੋਂ ਜੈਰਾਮ ਠਾਕੁਰ ਪੰਜ ਵਾਰ ਵਿਧਾਇਕ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਪ੍ਰੇਮ ਕੁਮਾਰ ਧੂਮਲ ਦੀ ਅਗਵਾਈ ਵਿਚ ਲੜੀ ਗਈ ਸੀ।
ਇਸ ਚੋਣ ਵਿਚ ਪਾਰਟੀ ਨੂੰ ਸ਼ਾਨਦਾਰ ਜਿੱਤ ਮਿਲੀ ਅਤੇ ਕਰੀਬ ਦੋ ਤਿਹਾਈ ਸੀਟਾਂ ਯਾਨੀ 68 ਵਿਚੋਂ 44 ਸੀਟਾਂ ਭਾਜਪਾ ਨੇ ਹਾਸਲ ਕੀਤੀਆਂ ਪਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਜਿਸ ਦੇ ਬਾਅਦ ਤੋਂ ਲਗਾਤਾਰ ਮੁੱਖ ਮੰਤਰੀ ‘ਤੇ ਸਸਪੈਂਸ ਬਣਿਆ ਹੋਇਆ ਸੀ।
ਧੂਮਲ ਸਮਰਥਕ ਲਗਾਤਾਰ ਪਾਰਟੀ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਨ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਧੂਮਲ ਨੂੰ ਅੱਗੇ ਲਿਆਂਦਾਂ ਜਾਵੇ ਪਰ ਪਾਰਟੀ ਨਹੀਂ ਚਾਹੁੰਦੀ ਸੀ ਕਿ ਉਸ ਨੂੰ ਕਿਸੇ ਵੀ ਸੂਰਤ ਵਿਚ ਉਪ ਚੋਣ ਵਿਚ ਜਾਣਾ ਪਵੇ। ਇਹੀ ਵਜ੍ਹਾ ਹੈ ਕਿ ਨਾ ਹੀ ਜੇਪੀ ਨੱਡਾ ਅਤੇ ਨਾ ਹੀ ਪ੍ਰੇਮ ਕੁਮਾਰ ਧੂਮਲ ਦੇ ਨਾਂਅ ‘ਤੇ ਮੋਹਰ ਲੱਗ ਸਕੀ।