ਸੁੰਜਵਾਂ: ਜੰਮੂ-ਕਸ਼ਮੀਰ ‘ਚ ਸੁੰਜਵਾਂ ਆਰਮੀ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਜਵਾਨਾਂ ਦੇ ਘਰ ਮਾਤਮ ਪਸਰਿਆ ਹੋਇਆ ਹੈ। ਸੁੰਜਵਾਂ ਵਿੱਚ ਆਰਮੀ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਪੰਜ ਜਵਾਨ ਸ਼ਹੀਦ ਹੋਏ ਸੀ। ਜਵਾਬੀ ਫਾਈਰਿੰਗ ਵਿੱਚ ਸੁਰੱਖਿਆ ਫੋਰਸਾਂ ਨੇ ਚਾਰੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।
ਇਸ ਅੱਤਵਾਦੀ ਹਮਲੇ ਵਿੱਚ 50 ਸਾਲ ਦੇ ਜੇਸੀਓ ਮਦਨ ਲਾਲ ਚੌਧਰੀ, ਫੌਜ ਦੇ ਜਵਾਨ ਮੁਹੰਮਦ ਅਸ਼ਰਫ, ਹਬੀਬੁੱਲਾ ਕੁਰੈਸ਼ੀ, ਮੁਹੰਮਦ ਇਕਬਾਲ ਤੇ ਮਨਜ਼ੂਰ ਅਹਿਮਦ ਸ਼ਹੀਦ ਹੋ ਗਏ। ਹਿੰਦੂ-ਮੁਸਲਿਮ ਦਾ ਭੇਦ ਕਰਨ ਵਾਲੇ ਜੇਕਰ ਇਨ੍ਹਾਂ ਨਾਵਾਂ ‘ਤੇ ਗੌਰ ਕਰਨਗੇ ਤਾਂ ਉਨ੍ਹਾਂ ਨੂੰ ਮੁਲਕ ਦੀ ਅਸਲ ਤਸਵੀਰ ਪਤਾ ਲੱਗੇਗੀ।
ਸ਼ਹੀਦ ਹੋਣ ਵਾਲੇ ਪੰਜੇ ਜਵਾਨ ਜੰਮੂ-ਕਸ਼ਮੀਰ ਦੇ ਹੀ ਸਨ। ਜੰਮੂ ਦੇ ਕਠੂਆ ਜ਼ਿਲ੍ਹੇ ਦੇ ਰਹਿਣ ਵਾਲੇ ਜੇਸੀਓ ਮਦਨ ਲਾਲ ਚੌਧਰੀ ਦੇ ਘਰ ਜਿਵੇਂ ਹੀ ਉਨ੍ਹਾਂ ਦੀ ਸ਼ਹਾਦਤ ਦੀ ਖਬਰ ਪੁੱਜੀ ਤਾਂ ਘਰ ਵਿੱਚ ਮਾਤਮ ਪਸਰ ਗਿਆ। ਸ਼ਹੀਦ ਦੇ ਪਰਿਵਾਰ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਘਾਟੀ ਦੇ ਕੁਪਵਾੜਾ ਜ਼ਿਲ੍ਹੇ ਦੇ ਜਵਾਨ ਮੁਹੰਮਦ ਅਸ਼ਰਫ ਵੀ ਇਸ ਹਮਲੇ ਵਿੱਚ ਸ਼ਹੀਦ ਹੋਏ ਹਨ।
ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੁਹੰਮਦ ਅਸ਼ਰਫ ਦੀ ਸ਼ਹਾਦਤ ‘ਤੇ ਸਾਨੂੰ ਨਾਜ਼ ਹੈ, ਪਾਕਿਸਤਾਨ ਨਾਲ ਗੱਲਬਾਤ ਨਾਲ ਹੀ ਮਸਲਾ ਹੱਲ ਹੋਵੇਗਾ।ਕੁਪਵਾੜਾ ਜ਼ਿਲ੍ਹੇ ਦੇ ਬਟਪੋਰਾ ਪਿੰਡ ਦੇ ਹਬੀਬੁੱਲਾ ਕੁਰੈਸ਼ੀ ਵੀ ਮੁਲਕ ਲਈ ਸ਼ਹੀਦ ਹੋ ਗਏ ਹਨ। ਪੰਜ ਜਵਾਨਾਂ ਦੀ ਸ਼ਹਾਦਤ ਤੋਂ ਇਲਾਵਾ ਇੱਕ ਜਵਾਨ ਦੇ ਪਿਤਾ ਦੀ ਵੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।