ਅਹਿਮਦਾਬਾਦ, 13 ਸਤੰਬਰ: ਜਾਪਾਨ
ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅੱਜ ਅਪਣੀ ਦੋ ਦਿਨਾਂ ਦੀ ਯਾਤਰਾ 'ਤੇ ਭਾਰਤ ਪਹੁੰਚੇ
ਜਿਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਹ ਕਲ ਅਹਿਮਦਾਬਾਦ ਅਤੇ ਮੁੰਬਈ ਵਿਚਕਾਰ
ਪਹਿਲੀ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰਖਣਗੇ। ਆਬੇ 12ਵੀਂ ਭਾਰਤ-ਜਾਪਾਨ ਸ਼ਿਖਰ
ਵਾਰਤਾ 'ਚ ਸ਼ਾਮਲ ਹੋਣ ਦੇ ਨਾਲ ਕਈ ਹੋਰ ਮਹੱਤਵਪੂਰਨ ਪ੍ਰੋਗਰਾਮਾਂ 'ਚ ਹਿੱਸਾ ਵੀ ਲੈਣਗੇ।
ਜਾਪਾਨ
ਦੇ ਪ੍ਰਧਾਨ ਮੰਤਰੀ ਸ਼ਿੰਜੋ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਹਵਾਈ
ਅੱਡੇ ਉਤੇ ਜ਼ੋਰਦਾਰ ਸਵਾਗਤ ਕੀਤਾ। ਸਵਾਗਤ ਸਮਾਰੋਹ ਤੋਂ ਤੁਰਤ ਬਾਅਦ ਆਬੇ ਅਤੇ ਉਨ੍ਹਾਂ ਦੀ
ਪਤਨੀ ਮੋਦੀ ਨਾਲ ਖੁੱਲ੍ਹੀ ਜੀਪ 'ਚ 8 ਕਿਲੋਮੀਟਰ ਦੇ ਰੋਡ ਸ਼ੋਅ 'ਚ ਸ਼ਾਮਲ ਹੋਏ ਅਤੇ
ਸਾਬਰਮਤੀ ਆਸ਼ਰਮ ਗਏ ਜਿੱਥੇ ਉਨ੍ਹਾਂ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਕੁੱਝ ਸਮਾਂ
ਬਿਤਾਇਆ।
ਰੋਡ ਸ਼ੋਅ ਦੌਰਾਨ ਪੂਰੇ ਰਸਤੇ 'ਚ ਦੋਵੇਂ ਆਗੂ ਸੜਕ ਦੇ ਕਿਨਾਰੇ ਸਥਿਤ ਭੀੜ
ਅਤੇ ਰਵਾਇਤੀ ਨ੍ਰਿਤ ਸੰਗੀਤ ਦਾ ਪ੍ਰਦਰਸ਼ਨ ਕਰ ਰਹੇ ਕਲਾਕਾਰਾਂ ਵਲ ਹੱਥ ਹਿਲਾ ਕੇ ਉਨ੍ਹਾਂ
ਦਾ ਧਨਵਾਦ ਕਰਦੇ ਵੇਖੇ ਗਏ। ਦੋਹਾਂ ਦੇਸ਼ਾਂ ਵਿਚਕਾਰ ਗੂੜ੍ਹੀ ਹੁੰਦੀ ਮਿੱਤਰਤਾ ਦੇ
ਪ੍ਰਗਟਾਵੇ ਵਜੋਂ ਆਬੇ ਨੇ ਕੁੜਤਾ-ਪਜਾਮਾ ਅਤੇ ਨੀਲੀ ਨਹਿਰੂ ਜੈਕੇਟ ਪਾਈ ਹੋਈ ਸੀ ਜਦਕਿ
ਉਨ੍ਹਾਂ ਦੀ ਪਤਨੀ ਨੇ ਲਾਲ ਰੰਗ ਦੀ ਸਲਵਾਰ-ਕਮੀਜ਼ ਪਾਈ ਹੋਈ ਸੀ। ਇਹ ਪਹਿਲਾ ਮੌਕਾ ਹੈ
ਜਦੋਂ ਮੋਦੀ ਕਿਸੇ ਦੂਜੇ ਦੇਸ਼ ਦੇ ਮੁਖੀ ਨਾਲ ਸਾਂਝੀ ਰੂਪ 'ਚ ਰੋਡ ਸ਼ੋਅ ਕਰ
ਰਹੇ ਸਨ ਜੋ ਦੋਹਾਂ ਦੇਸ਼ਾਂ ਦੇ ਕਰੀਬੀ ਰਿਸ਼ਤਿਆਂ ਅਤੇ ਆਬੇ ਨਾਲ ਗੂੜ੍ਹੀ ਦੋਸਤੀ ਨੂੰ
ਪ੍ਰਗਟ ਕਰਦਾ ਹੈ। ਆਬੇ ਨੂੰ ਹਵਾਈ ਅੱਗੇ ਵਿਖੇ ਗਾਰਡ ਆਫ਼ ਆਨਰ ਵੀ ਦਿਤਾ ਗਿਆ। ਰੋਡ ਸ਼ੋਅ
ਤੋਂ ਬਾਅਦ ਮੋਦੀ ਨੇ ਆਬੇ ਨਾਲ 16ਵੀਂ ਸ਼ਤਾਬਦੀ ਦੀ ਪ੍ਰਸਿੱਧ ਮਸਜਿਦ ਸਿਡੀ ਸਈਦ ਨੀ ਜਾਲੀ
ਦਾ ਵੀ ਦੌਰਾ ਕੀਤਾ। ਦੋਵੇਂ ਆਗੂ ਮਹਾਤਮਾ ਮੰਦਰ 'ਚ ਮਹਾਤਮਾ ਗਾਂਧੀ ਨੂੰ ਸਮਰਪਿਤ ਦਾਂਡੀ
ਕੁਟੀਰ ਅਜਾਇਬ ਘਰ ਵੀ ਗਏ।
ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਆਬੇ 14
ਸਤੰਬਰ ਨੂੰ ਗਾਂਧੀਨਗਰ 'ਚ ਮਹਾਤਮਾ ਮੰਦਰ 'ਚ 12ਵੀਂ ਭਾਰਤ-ਜਾਪਾਨ ਸਾਲਾਨਾ ਸ਼ਿਖਰ ਵਾਰਤਾ
ਕਰਨਗੇ। ਦੋਵੇਂ ਆਗੂ ਮੀਡੀਆ ਸਾਹਮਣੇ ਅਪਣਾ ਬਿਆਨ ਵੀ ਦੇਣਗੇ। ਭਾਰਤ-ਜਾਪਾਨ ਕਾਰੋਬਾਰੀ
ਵਫ਼ਦ ਵੀ ਇਸੇ ਦਿਨ ਭਾਰਤ ਪਹੁੰਚੇਗਾ।
ਭਾਰਤ ਯਾਤਰਾ ਦੀ ਸ਼ੁਰੂਆਤ ਕਰਦਿਆਂ ਆਬੇ ਨੇ ਭਾਰਤ ਨਾਲ ਅਪਣੇ ਦੇਸ਼ ਦੇ ਰਿਸ਼ਤਿਆਂ ਨੂੰ ਬੇਹੱਦ ਮਹੱਤਵਪੂਰਨ ਅਤੇ ਵਿਸ਼ੇਸ਼ ਦਸਿਆ, ਨਾਲ ਹੀ ਕਿਹਾ ਕਿ ਜਾਪਾਨ, ਭਾਰਤ ਦੇ ਤੇਜ਼ ਆਰਥਕ ਵਿਕਾਸ 'ਚ ਸਹਿਯੋਗ ਵਜੋਂ ਅਪਣਾ ਸਹਿਯੋਗ ਜਾਰੀ ਰੱਖੇਗਾ। ਉਨ੍ਹਾਂ ਅਪਣੇ ਸੰਦੇਸ਼ 'ਚ ਕਿਹਾ ਕਿ ਜਾਪਾਨ ਲਈ ਭਾਰਤ ਬੇਹੱਦ ਮਹੱਤਵਪੂਰਨ ਅਤੇ ਵਿਸ਼ੇਸ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਜਾਪਾਨ ਦੇ ਰਿਸ਼ਤੇ ਦੁਨੀਆਂ 'ਚ ਸੱਭ ਤੋਂ ਜ਼ਿਆਦਾ ਸਮਰਥਾਵਾਂ ਨਾਲ ਭਰੇ ਹਨ।
ਅਹਿਮਦਾਬਾਦ ਅਤੇ ਮੁੰਬਈ ਵਿਚਕਾਰ ਬੁਲੇਟ ਟਰੇਨ ਦੇ ਚੱਲਣ
ਨਾਲ ਦੋਹਾਂ ਸ਼ਹਿਰਾਂ ਵਿਚਕਾਰ ਸਫ਼ਰ 'ਚ ਲੱਗਣ ਵਾਲੇ ਸਮੇਂ 'ਚ ਕਾਫ਼ੀ ਕਮੀ ਆਵੇਗੀ। ਤੇਜ਼ ਗਤੀ
ਦੇ ਰੇਲ ਨੈੱਟਵਰਕ ਦੇ ਖੇਤਰ 'ਚ ਜਾਪਾਨ ਇਕ ਮੋਢੀ ਦੇਸ਼ ਹੈ ਅਤੇ ਇਸ ਦੀ ਸ਼ਿੰਕਕੇਨਸੇਨ
ਬੁਲੇਟ ਰੇਲ ਦੁਨੀਆਂ ਦੀ ਸੱਭ ਤੋਂ ਤੇਜ਼ ਚੱਲਣ ਵਾਲੀਆਂ ਰੇਲਗੱਡੀਆਂ 'ਚੋਂ ਇਕ ਹੈ।
(ਪੀਟੀਆਈ)