ਸੁਪਰੀਮ ਕੋਰਟ ਵਿਚ ਹੋਵੇਗੀ ਸਾਰੇ ਮਾਮਲਿਆਂ ਦੀ ਸੁਣਵਾਈ
ਨਵੀਂ ਦਿੱਲੀ, 22 ਜਨਵਰੀ: ਸੁਪਰੀਮ ਕੋਰਟ ਨੇ ਬੰਬਈ ਹਾਈ ਕੋਰਟ ਵਿਚ ਚਲ ਰਹੇ ਸੋਹਰਾਬੂਦੀਨ ਸ਼ੇਖ਼ ਮੁਕਾਬਲਾ ਕਾਂਡ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਸੀਬੀਆਈ ਜੱਜ ਬੀਐਚ ਲੋਇਆ ਦੀ 2014 ਵਿਚ ਸ਼ੱਕੀ ਹਾਲਾਤ ਵਿਚ ਹੋਈ ਮੌਤ ਦੀ ਨਿਰਪੱਖ ਜਾਂਚ ਲਈ ਦਾਖ਼ਲ ਦੋ ਪਟੀਸ਼ਨਾਂ ਅਪਣੇ ਕੋਲ ਤਬਦੀਲ ਕਰਵਾ ਲਈਆਂ ਹਨ। ਸੁਪਰੀਮ ਕੋਰਟ ਨੇ ਸਬੰਧਤ ਧਿਰਾਂ ਨੂੰ ਕਿਹਾ ਹੈ ਕਿ ਜਸਟਿਸ ਲੋਇਆ ਦੀ ਮੌਤ ਨਾਲ ਸਬੰਧਤ ਉਹ ਸਾਰੇ ਦਸਤਾਵੇਜ਼ ਜੋ ਹਾਲੇ ਤਕ ਦਾਖ਼ਲ ਨਹੀਂ ਕੀਤੇ ਗਏ, ਉਨ੍ਹਾਂ ਦੀ ਕਾਪੀ ਪੇਸ਼ ਕੀਤੀ ਜਾਵੇ। ਅਦਾਲਤ ਇਨ੍ਹਾਂ ਦਸਤਾਵੇਜ਼ਾਂ ਦੀ ਦੋ ਫ਼ਰਵਰੀ ਨੂੰ ਅਗਲੀ ਸੁਣਵਾਈ ਮੌਕੇ ਜਾਂਚ ਕਰੇਗੀ। ਅਦਾਲਤ ਨੇ ਦੋ ਪਟੀਸ਼ਨਾਂ ਵਿਚ ਚੁਕੇ ਗਏ ਮੁੱਦਿਆਂ ਨੂੰ ਗੰਭੀਰ
ਦਸਦਿਆਂ ਕਿਹਾ ਕਿ ਸਾਰੇ ਦਸਤਾਵੇਜ਼ਾਂ ਨੂੰ ਗੰਭੀਰਤਾ ਨਾਲ ਵੇਖਿਆ ਜਾਣਾ ਚਾਹੀਦਾ ਹੈ। ਇਸ ਦੌਰਾਨ ਅਦਾਲਤੀ ਬੈਂਚ ਨੇ ਸਾਰੀਆਂ ਹਾਈ ਕੋਰਟਾਂ ਨੂੰ ਕਿਹਾ ਕਿ ਉਹ ਲੋਇਆ ਦੀ ਮੌਤ ਨਾਲ ਸਬੰਧਤ ਦਾਖ਼ਲ ਕਿਸੇ ਵੀ ਪਟੀਸ਼ਨ 'ਤੇ ਵਿਚਾਰ ਨਾ ਕਰਨ। ਅਦਾਲਤ ਨੇ ਦੇਸ਼ ਵਿਚ ਸਾਰੀਆਂ ਹਾਈ ਕੋਰਟਾਂ ਦੇ ਲੋਇਆ ਦੀ ਮੌਤ ਨਾਲ ਸਬੰਧਤ ਕਿਸੇ ਵੀ ਪਟੀਸ਼ਨ 'ਤੇ ਵਿਚਾਰ ਕਰਨ ਉਤੇ ਰੋਕ ਲਾ ਦਿਤੀ ਹੈ ਅਤੇ ਸਾਰੇ ਕੇਸ ਅਪਣੇ ਕੋਲ ਤਬਦੀਲ ਕਰ ਲਏ ਹਨ। ਜਸਟਿਸ ਲੋਇਆ ਮੌਤ ਤੋਂ ਪਹਿਲਾਂ ਸੋਹਰਾਬੂਦੀਨ ਸ਼ੇਖ਼ ਫ਼ਰਜ਼ੀ ਮੁਕਾਬਲੇ ਦੇ ਮਾਮਲੇ 'ਚ ਸੁਣਵਾਈ ਕਰ ਰਹੇ ਸਨ। ਉਨ੍ਹਾਂ ਦੀ ਮੌਤ ਇਕ ਦਸੰਬਰ 2014 ਨੂੰ ਨਾਗਪੁਰ ਵਿਚ ਕਥਿਤ ਤੌਰ 'ਤੇ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਉਹ ਅਪਣੇ ਸਹਿਕਰਮੀ ਦੀ ਬੇਟੀ ਦੇ ਵਿਆਹ ਵਿਚ ਹਿੱਸਾ ਲੈਣ ਨਾਗਪੁਰ ਗਏ ਸੀ। (ਏਜੰਸੀ)