ਚੇਨਈ,
9 ਸਤੰਬਰ : ਸਾਬਕਾ ਵਾਤਾਵਰਣ ਕੇਂਦਰੀ ਮੰਤਰੀ ਜਯੰਤੀ ਨਟਰਾਜਨ ਦੇ ਟਿਕਾਣਿਆਂ 'ਤੇ
ਸੀਬੀਆਈ ਨੇ ਛਾਪੇ ਮਾਰੇ ਹਨ। ਜਾਂਚ ਏਜੰਸੀ ਦੀ ਟੀਮ ਇਨ੍ਹਾਂ ਟਿਕਾਣਿਆਂ 'ਤੇ ਤਲਾਸ਼ੀ ਲੈ
ਰਹੀ ਹੈ।
ਸੀਬੀਆਈ ਨੇ ਅਹੁਦੇ ਦੀ ਗ਼ਲਤ ਵਰਤੋਂ ਅਤੇ ਅਪਰਾਧਕ ਸਾਜ਼ਸ਼ ਰਚਣ ਦੇ ਦੋਸ਼ ਵਿਚ
ਪੀਸੀ ਐਕਟ ਦੀ ਧਾਰਾ 120ਬੀ ਤਹਿਤ ਪਰਚਾ ਦਰਜ ਕੀਤਾ ਹੈ। ਇਸ ਤੋਂ ਇਲਾਵਾ, ਇਲੈਕਟਰੋਸਟੀਲ
ਕਾਸਟਿੰਗ ਲਿਮਟਡ ਕੰਪਨੀ ਅਤੇ ਹੋਰਾਂ ਵਿਰੁਧ ਵੀ ਪਰਚਾ ਦਰਜ ਕੀਤਾ ਗਿਆ ਹੈ। ਰੀਪੋਰਟਾਂ
ਮੁਤਾਬਕ ਇਹ ਛਾਪੇ ਜਯੰਤੀ ਦੇ ਕੇਂਦਰੀ ਮੰਤਰੀ ਹੋਣ ਸਮੇਂ ਝਾਰਖੰਡ ਵਿਚ ਵਾਤਾਵਰਣ
ਪ੍ਰਵਾਨਗੀ ਦੇਣ ਨਾਲ ਜੁੜੇ ਹਨ। ਉਸ ਵਿਰੁਧ 200 ਹੈਕਟੇਅਰ ਜ਼ਮੀਨ ਦੇਣ ਦੇ ਮਾਮਲੇ ਵਿਚ
ਨਿਯਮਾਂ ਦੀ ਉਲੰਘਣਾ ਕਰ ਕੇ ਪ੍ਰਵਾਨਗੀ ਦੇਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਸੀਬੀਆਈ ਨੂੰ
ਤਿੰਨ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਦੀ ਜਾਂਚ ਮਗਰੋਂ ਇਹ ਕਾਰਵਾਈ ਕੀਤੀ ਗਈ।
ਯੂਪੀਏ 2
ਸਰਕਾਰ ਦੌਰਾਨ ਜੁਲਾਈ 2011 ਤੋਂ ਦਸੰਬਰ 2013 ਤਕ ਵਾਤਾਵਰਣ ਮੰਤਰੀ ਰਹੀ ਸੀ। ਜਯੰਤੀ
ਕਰੀਬ 30 ਸਾਲ ਤਕ ਕਾਂਗਰਸ ਵਿਚ ਰਹੀ। ਮਾਮਲਾ 2012 ਵਿਚ ਖਨਨ ਕੰਪਨੀ ਨੂੰ ਜੰਗਲੀ ਜ਼ਮੀਨ
ਦੀ ਸਥਿਤੀ ਬਦਲਣ ਲਈ ਮਨਜ਼ੂਰੀ ਦੇਣ ਨਾਲ ਸਬੰਧਤ ਹੈ। ਪਹਿਲੇ ਮੰਤਰੀ ਨੇ ਮਨਜ਼ੂਰੀ ਰੱਦ ਕਰ
ਦਿਤੀ ਸੀ ਪਰ ਜਯੰਤੀ ਨੇ ਮੰਤਰੀ ਬਣਨ ਮਗਰੋਂ ਮਨਜ਼ੂਰੀ ਦੇ ਦਿਤੀ। ਸੀਬੀਆਈ ਨੇ ਕਿਹਾ ਕਿ ਵਣ
ਡਾਇਰੈਕਟਰ ਦੇ ਸੁਝਾਅ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪ੍ਰਵਾਨਗੀ
ਦਿਤੀ ਸੀ। (ਏਜੰਸੀ)