ਜੇ ਪਕੌੜੇ ਵੇਚਣਾ ਰੁਜ਼ਗਾਰ ਹੈ ਤਾਂ ਭੀਖ ਮੰਗਣ ਨੂੰ ਵੀ ਰੁਜ਼ਗਾਰ ਮੰਨਿਆ ਜਾਵੇ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕਰਦਿਆਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਦੀ ਗੱਲ ਕਿ ਪਕੌੜੇ ਵੇਚਣਾ ਵੀ ਰੁਜ਼ਗਾਰ ਹੈ, ਨੂੰ ਮੰਨ ਲਿਆ ਜਾਵੇ ਤਾਂ ਭੀਖ ਮੰਗਣਾ ਵੀ ਇਕ ਰੁਜ਼ਗਾਰ ਹੈ। ਸੋ ਉਨ੍ਹਾਂ ਗ਼ਰੀਬਾਂ ਅਤੇ ਅਪਾਹਜ ਵਿਅਕਤੀਆਂ ਨੂੰ 'ਰੁਜ਼ਗਾਰ 'ਤੇ ਲੱਗੇ ਲੋਕ' ਮੰਨਿਆ ਜਾਵੇ ਜਿਹੜੇ ਭੀਖ ਮੰਗਣ ਲਈ ਮਜਬੂਰ ਹਨ।

ਜ਼ਿਕਰੇਯੋਗ ਹੈ ਕਿ ਦੇਸ਼ ਵਿਚ ਰੁਜ਼ਗਾਰ ਪੈਦਾਵਾਰ ਬਾਰੇ ਪਿਛਲੇ ਦਿਨਾਂ ਤੋਂ ਬਹਿਸ ਚੱਲ ਰਹੀ ਹੈ। ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨੇ ਟੈਲੀਵਿਜ਼ਨ ਇੰਡਟਰਵਿਊ ਵਿਚ ਕਿਹਾ ਸੀ ਕਿ ਜੇ ਪਕੌੜੇ ਵੇਚਣ ਵਾਲਾ ਵਿਅਕਤੀ ਸ਼ਾਮ ਨੂੰ 200 ਰੁਪਏ ਕਮਾ ਲੈਂਦਾ ਹੈ ਤਾਂ ਇਸ ਨੂੰ ਰੁਜ਼ਗਾਰ ਮੰਨਿਆ ਜਾਵੇਗਾ। ਪ੍ਰਧਾਨ ਮੰਤਰੀ ਦੀ ਇਸ ਟਿਪਣੀ ਦਾ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਖ਼ਤ ਪ੍ਰਤੀਕਰਮ ਦਿਤਾ ਸੀ। ਉਨ੍ਹਾਂ ਦੀ ਇਸ ਟਿਪਣੀ ਨੇ ਦੇਸ਼ ਵਿਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਬਾਰੇ ਟਵਿਟਰ ਸਮੇਤ ਸੋਸ਼ਲ ਮੀਡੀਆ ਵਿਚ ਤਿੱਖੀ ਬਹਿਸ ਛੇੜ ਦਿਤੀ।