ਜੇ ਤੁਸੀਂ ਵੀ ਦੀਵਾਲੀ ਮੌਕੇ ਖਰੀਦਦਾਰੀ ਦੀ ਫੋਟੋ ਫੇਸਬੁੱਕ 'ਤੇ ਪਾ ਰਹੇ ਹੋ ਤਾਂ ਹੋ ਜਾਓ ਸਾਵਧਾਨ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: ਜੇਕਰ ਤੁਸੀਂ ਦੀਵਾਲੀ 'ਤੇ ਨਵੀਂ ਖਰੀਦਦਾਰੀ ਕਰ ਰਹੇ ਹੋ ਤਾਂ ਲਗਜ਼ਰੀ ਕਾਰ ਜਾਂ ਮਹਿੰਗੀ ਘੜੀ ਦੀ ਫੋਟੋ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਪਾਉਣ ਨਾਲ ਤੁਸੀਂ ਮੁਸੀਬਤ 'ਚ ਫਸ ਸਕਦੇ ਹੋ। ਤੁਹਾਡੀ ਅਜਿਹੀ ਫੋਟੋ ਟੈਕਸ ਅਧਿਕਾਰੀ ਨੂੰ ਤੁਹਾਡੇ ਘਰ ਤੱਕ ਲਿਜਾ ਸਕਦੀ ਹੈ। ਕਾਲੇ ਧਨ ਦਾ ਪਤਾ ਲਾਉਣ ਲਈ ਟੈਕਸ ਅਧਿਕਾਰੀ ਸੋਸ਼ਲ ਮੀਡੀਆ ਸਾਈਟਾਂ 'ਤੇ ਤੁਹਾਡੇ ਖਾਤੇ ਦੇਖਣਗੇ। ਇਸ ਤਹਿਤ 'ਪ੍ਰਾਜੈਕਟ ਇਨ ਸਾਈਟ' ਇਸ ਮਹੀਨੇ ਲਾਂਚ ਹੋ ਸਕਦਾ ਹੈ। ਇਸ ਪ੍ਰਾਜੈਕਟ 'ਚ ਡਾਟਾ ਵਿਸ਼ਲੇਸ਼ਣ ਦੀ ਮਦਦ ਨਾਲ ਸੋਸ਼ਲ ਮੀਡੀਆ ਤੋਂ ਤੁਹਾਡੀ ਜਾਣਕਾਰੀ ਮੈਚ ਕੀਤੀ ਜਾਵੇਗੀ ਕਿ ਤੁਸੀਂ ਕਿੰਨਾ ਖਰਚਾ ਕਰਦੇ ਹੋ ਅਤੇ ਤੁਹਾਡੀ ਆਮਦਨ ਕਿੰਨੀ ਹੈ ਇਸ ਦੀ ਜਾਂਚ ਹੋਵੇਗੀ। 

ਇਕ ਅਧਿਕਾਰੀ ਨੇ ਕਿਹਾ ਕਿ ਆਮਦਨ ਟੈਕਸ ਵਿਭਾਗ ਤੁਹਾਡੇ ਵੱਲੋਂ ਦੱਸੀ ਗਈ ਆਮਦਨ ਅਤੇ ਤੁਹਾਡੇ ਖਰਚ ਦਾ ਮਿਲਾਣ ਕਰੇਗਾ। ਜੇਕਰ ਆਮਦਨ ਅਤੇ ਖਰਚ 'ਚ ਬਹੁਤ ਜ਼ਿਆਦਾ ਫਰਕ ਲੱਗਦਾ ਹੈ ਤਾਂ ਟੈਕਸ ਚੋਰੀ ਅਤੇ ਕਾਲੇ ਧਨ ਦਾ ਪਤਾ ਲਾਇਆ ਜਾਵੇਗਾ। ਸਰਕਾਰ ਨੇ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਵੀ ਜ਼ਰੂਰੀ ਕੀਤਾ ਹੈ। ਅਜਿਹੇ 'ਚ ਟੈਕਸ ਚੋਰੀ ਦਾ ਰਸਤਾ ਬਚਣਾ ਮੁਸ਼ਕਿਲ ਰਹਿ ਜਾਵੇਗਾ। ਪ੍ਰਾਜੈਕਟ ਇਨ ਸਾਈਟ ਵੀ ਸਰਕਾਰ ਵੱਲੋਂ ਕਾਲੇ ਧਨ ਅਤੇ ਟੈਕਸ ਚੋਰੀ 'ਤੇ ਕਾਬੂ ਪਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਹਿੱਸਾ ਹੈ।