ਜੇਕਰ ਤੁਸੀਂ ਆਪਣੇ ਬੈਂਕ 'ਚ ਬੇਸ ਰੇਟ 'ਤੇ ਕਰਜ਼ਾ ਲਿਆ ਹੈ, ਤਾਂ ਜਲਦ ਤੁਹਾਡੀ ਕਿਸ਼ਤ ਦੀ ਰਕਮ ਘੱਟ ਸਕਦੀ ਹੈ। ਹਾਲ ਹੀ 'ਚ ਇਹ ਰਾਹਤ ਐੱਸ. ਬੀ. ਆਈ. ਨੇ ਆਪਣੇ ਗ੍ਰਾਹਕਾਂ ਨੂੰ ਦਿੱਤੀ ਹੈ। ਹੁਣ ਆਈ. ਸੀ. ਆਈ. ਸੀ. ਆਈ. ਬੈਂਕ, ਐਕਸਿਸ ਬੈਂਕ ਅਤੇ ਐੱਚ. ਡੀ. ਐੱਫ. ਸੀ. ਵਰਗੇ ਵੱਡੇ ਬੈਂਕ ਕਰਜ਼ੇ 'ਤੇ ਵਿਅਜ ਦਰ ਘਟਾਉਣ 'ਚ ਸਟੇਟ ਬੈਂਕ ਦੀ ਰਾਹ ਫੜ੍ਹ ਸਕਦੇ ਹਨ। ਜਾਣਕਾਰੀ ਮੁਤਾਬਕ ਕਈ ਬੈਂਕਾਂ ਕੁਝ ਦਿਨਾਂ 'ਚ ਬੈਠਕ ਕਰਕੇ ਲੋਨ ਰੇਟ ਘਟਾਉਣ 'ਤੇ ਵਿਚਾਰ ਕਰ ਸਕਦੀਆਂ ਹਨ, ਤਾਂ ਕਿ ਉਨ੍ਹਾਂ ਦੇ ਗ੍ਰਾਹਕ ਹੋਰ ਬੈਂਕ 'ਚ ਨਾ ਜਾਣ।
ਲੋਨ ਰੇਟ ਘਟਣ ਨਾਲ ਬੈਂਕਾਂ ਦੇ ਉਨ੍ਹਾਂ ਗ੍ਰਾਹਕਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਦੇ ਲੋਨ ਨੂੰ ਬੇਸ ਰੇਟ ਨਾਲ ਜੋੜਿਆ ਗਿਆ ਹੈ। ਇਕ ਸਰਕਾਰੀ ਬੈਂਕ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਐੱਸ. ਬੀ. ਆਈ. ਮਾਰਕਿਟ ਲੀਡਰ ਹੈ ਅਤੇ ਸਾਰੇ ਬੈਂਕ ਉਸ ਤੋਂ ਸੰਕੇਤ ਲੈਂਦੇ ਹਨ। ਅਜਿਹੇ 'ਚ ਅਸੀਂ ਵੀ ਆਪਣੇ ਗ੍ਰਾਹਕਾਂ ਨੂੰ ਫਾਇਦਾ ਦੇਵਾਂਗੇ।
ਐੱਸ. ਬੀ. ਆਈ. ਨੇ ਨਵੇਂ ਸਾਲ ਦੇ ਪਹਿਲੇ ਦਿਨ ਆਪਣੇ ਬੇਸ ਰੇਟ 'ਚ 0.30 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਕਦਮ ਨਾਲ ਉਸ ਦੇ 80 ਲੱਖ ਤੋਂ ਵਧ ਕਰਜ਼ ਧਾਰਕਾਂ ਨੂੰ ਫਾਇਦਾ ਹੋਵੇਗਾ। ਐੱਸ. ਬੀ. ਆਈ. ਦੇ ਗ੍ਰਾਹਕਾਂ ਵੱਲੋਂ ਬੇਸ ਰੇਟ 'ਤੇ ਲਏ ਗਏ ਲੋਨ ਦੀ ਕਿਸ਼ਤ ਘੱਟ ਜਾਵੇਗੀ। ਐੱਸ. ਬੀ. ਆਈ. ਨੇ ਇਸ ਤੋਂ ਪਹਿਲਾਂ ਪਿਛਲੇ ਸਾਲ 28 ਦਸੰਬਰ ਨੂੰ ਬੇਸ ਰੇਟ 'ਚ 0.05 ਫੀਸਦੀ ਦੀ ਕਟੌਤੀ ਕੀਤੀ ਸੀ।
ਤਾਜ਼ਾ ਕਟੌਤੀ ਦੇ ਬਾਅਦ ਐੱਸ. ਬੀ. ਆਈ. ਦਾ ਬੇਸ ਰੇਟ 8.65 ਫੀਸਦੀ ਹੋ ਗਿਆ ਹੈ, ਜੋ ਪਹਿਲਾਂ 8.95 ਫੀਸਦੀ ਸੀ। ਇਹ ਬੈਂਕਾਂ ਵਿਚਕਾਰ ਸਭ ਤੋਂ ਘੱਟ ਬੇਸ ਰੇਟ ਹੈ। ਭਾਰਤੀ ਸਟੇਟ ਬੈਂਕ ਦੇ ਇਸ ਕਦਮ ਨਾਲ ਹੋਰ ਬੈਂਕਾਂ 'ਤੇ ਦਬਾਅ ਬਣ ਗਿਆ ਹੈ ਅਤੇ ਜਲਦ ਉਹ ਆਪਣੇ ਗ੍ਰਾਹਕਾਂ ਨੂੰ ਰਾਹਤ ਦੇ ਸਕਦੇ ਹਨ।
ਐੱਚ. ਡੀ. ਐੱਫ. ਸੀ. ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਬੇਸ ਰੇਟ 8.85 ਫੀਸਦੀ ਹੈ। ਉੱਥੇ ਹੀ, ਐਕਸਿਸ ਬੈਂਕ ਨੇ ਬੇਸ ਰੇਟ 9 ਫੀਸਦੀ ਰੱਖਿਆ ਹੈ। ਸਰਕਾਰੀ ਬੈਂਕਾਂ 'ਚ ਬੈਂਕ ਆਫ ਬੜੌਦਾ ਅਤੇ ਪੰਜਾਬ ਨੈਸ਼ਨਲ ਬੈਂਕ ਦਾ ਬੇਸ ਰੇਟ 9.15 ਫੀਸਦੀ ਹੈ। ਇਕ ਨਿੱਜੀ ਬੈਂਕ ਦੇ ਅਧਿਕਾਰੀ ਨੇ ਕਿਹਾ ਕਿ ਸਾਡੀ ਕਮੇਟੀ ਦੀ ਬੈਠਕ ਇਸੇ ਹਫਤੇ ਹੋਵੇਗੀ, ਜਿਸ 'ਚ ਵਿਆਜ ਦਰਾਂ 'ਤੇ ਫੈਸਲਾ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਐੱਮ. ਸੀ. ਐੱਲ. ਆਰ. ਦੇ ਮੋਰਚੇ 'ਤੇ ਤਾਂ ਲਾਭ ਦਿੱਤੇ ਗਏ ਹਨ ਪਰ ਬੇਸ ਰੇਟ ਦੇ ਮਾਮਲੇ 'ਚ ਇਹ ਫਾਇਦਾ ਘੱਟ ਰਿਹਾ ਹੈ। ਬੇਸ ਰੇਟ 'ਚ ਕਟੌਤੀ ਦਾ ਫਾਇਦਾ ਬੈਂਕ ਦੇ ਪੁਰਾਣੇ ਹੋਮ, ਆਟੋ ਜਾਂ ਪਰਸਨਲ ਲੋਨ ਦੇ ਗਾਹਕਾਂ ਨੂੰ ਹੋਵੇਗਾ ਕਿਉਂਕਿ 1 ਅਪ੍ਰੈਲ 2016 ਤੋਂ ਸਾਰੇ ਬੈਂਕ ਐੱਮ. ਸੀ. ਐੱਲ. ਆਰ. 'ਤੇ ਲੋਨ ਦੇ ਰਹੇ ਹਨ।