ਜੇਤਲੀ ਨੇ ਕੀਤਾ ਅਰਥਚਾਰੇ ਦਾ ਬੇੜਾ ਗ਼ਰਕ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 27 ਸਤੰਬਰ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਉਤੇ ਹਮਲਾ ਕਰਦਿਆਂ 'ਹੁਣ ਮੈਨੂੰ ਬੋਲਣ ਦੀ ਜ਼ਰੂਰਤ ਹੈ' ਵਾਲੇ ਸਿਰਲੇਖ ਹੇਠ ਸਿਨਹਾ ਨੇ ਲਿਖਿਆ ਹੈ, ''ਵਿੱਤ ਮੰਤਰੀ ਅਰੁਣ ਜੇਤਲੀ ਨੇ ਅਰਥਚਾਰੇ 'ਚ ਜੋ ਗੜਬੜ ਕੀਤੀ ਹੈ ਉਸ ਵਿਰੁਧ ਮੈਂ ਹੁਣ ਵੀ ਨਾ ਬੋਲਿਆ ਤਾਂ ਮੈਂ ਅਪਣੇ ਕੌਮੀ ਫ਼ਰਜ਼ ਨਹੀਂ ਨਿਭਾ ਸਕਾਂਗਾ।''
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਵਿਚਲੇ ਲੋਕ ਪ੍ਰਧਾਨ ਮੰਤਰੀ ਨਰਿੰੰਦਰ ਮੋਦੀ ਦੇ ਡਰ ਕਰ ਕੇ ਆਵਾਜ਼ ਨਹੀਂ ਚੁੱਕ ਰਹੇ। ਇਕ ਅੰਗਰੇਜ਼ੀ ਅਖ਼ਬਾਰ 'ਚ ਲਿਖੇ ਅਪਣੇ ਲੇਖ 'ਚ ਸਿਨਹਾ ਨੇ ਕੇਂਦਰੀ ਵਿੱਤ ਮੰਤਰੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਰਥਚਾਰੇ ਦਾ ਬੇੜਾ ਗ਼ਰਕ ਕਰ ਦਿਤਾ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ 'ਚ ਵਿੱਤ ਮੰਤਰੀ ਰਹਿ ਚੁੱਕੇ ਸਿਨਹਾ ਨੇ ਦਾਅਵਾ ਕੀਤਾ ਕਿ ਅਗਲੀਆਂ ਲੋਕ ਸਭਾ ਚੋਣਾਂ ਤਕ ਅਰਥਚਾਰੇ ਦੇ ਪਟੜੀ ਉਤੇ ਆਉਣ ਦੀ ਉਮੀਦ ਨਾਂਹ ਦੇ ਬਰਾਬਰ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਕ ਹੋਰ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਵੀ ਪ੍ਰਧਾਨ ਮੰਤਰੀ ਨੂੰ 16 ਪੰਨਿਆਂ ਦੀ ਚਿੱਠੀ ਲਿਖ ਕੇ ਕਿਹਾ ਸੀ ਕਿ ਭਾਰਤ ਦੀ ਅਰਥਵਿਵਸਥਾ ਤੂਫ਼ਾਨ ਵਲ ਵੱਧ ਰਹੀ ਹੈ ਅਤੇ ਇਹ ਢਹਿ ਸਕਦੀ ਹੈ।
ਦੇਸ਼ 'ਚ ਅਰਥਚਾਰੇ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਸਰਕਾਰ ਆਰਥਕ ਗਿਰਾਵਟ ਨੂੰ ਲੈ ਕੇ ਬੇਖ਼ਬਰ ਹੈ ਅਤੇ ਯਸ਼ਵੰਤ ਸਿਨਹਾ ਨੇ ਇਸ ਬਾਰੇ ਜੋ ਕਿਹਾ ਹੈ ਉਹ ਕਾਂਗਰਸ ਪਿਛਲੇ ਕਾਫ਼ੀ ਸਮੇਂ ਤੋਂ ਕਹਿੰਦੀ ਆਈ ਹੈ। ਪਾਰਟੀ ਨੇ ਕਿਹਾ ਕਿ ਉਦਯੋਗਾਂ ਸਮੇਤ ਸਾਰੇ ਖੇਤਰਾਂ 'ਚ ਲੋਕਾਂ ਨੂੰ ਅਰਥਚਾਰੇ ਦੇ ਇਸ ਹਾਲਾਤ ਬਾਰੇ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ।
ਚਿਦੰਬਰਮ ਨੇ ਕਿਹਾ ਕਿ ਉਹ ਇਸ ਗੱਲ ਤੋਂ ਖ਼ੁਸ਼ ਹਨ ਕਿ ਯਸ਼ਵੰਤ ਸਿਨਹਾ ਨੇ ਸੱਚ ਬੋਲਿਆ ਹੈ ਅਤੇ ਅਰਥਚਾਰੇ ਬਾਰੇ ਸਾਡੇ ਵਿਚਾਰਾਂ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮੇਂ ਦੀ ਦੁਖਦੀ ਗੱਲ ਹੈ ਕਿ ਸੰਸਦ ਮੈਂਬਰ ਜੋ ਅਪਣੇ ਚੋਣ ਖੇਤਰਾਂ 'ਚ ਵੇਖ ਅਤੇ ਸੁਣ ਰਹੇ ਹਨ
ਉਸ ਨੂੰ ਕਹਿਣ ਤੋਂ ਉਹ ਡਰ 'ਚ ਹਨ। ਇਸ ਦੇ ਬਾਵਜੂਦ ਅਸੀ ਖ਼ੁਦ ਨੂੰ ਆਜ਼ਾਦ ਦੇਸ਼ ਕਹਿੰਦੇ ਹਾਂ।
ਉਨ੍ਹਾਂ ਦੇਸ਼ 'ਚ ਡਰ ਦੇ ਮਾਹੌਲ ਦੀ ਚਰਚਾ ਕਰਦਿਆਂ ਕਿਹਾ ਕਿ ਜੀ.ਐਸ.ਟੀ. ਕਰ ਕੇ ਨਾ ਸਿਰਫ਼ ਛੋਟੇ ਅਤੇ ਦਰਮਿਆਨੇ ਉਦਯੋਗ ਬੰਦ ਹੋ ਰਹੇ ਹਨ ਬਲਕਿ ਵੱਡੇ ਉਦਯੋਗਾਂ ਉਤੇ ਵੀ ਇਸ ਦਾ ਬੁਰਾ ਅਸਰ ਸਮਝ ਆਉਣ ਲੱਗਾ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਸਮੇਤ ਮੇਰੀ ਖ਼ੁਦ ਸਾਰੇ ਵਿਸ਼ੇਸ਼ ਕਰ ਕੇ ਅਰਥਚਾਰੇ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਅਪੀਲ ਹੈ ਕਿ ਉਹ ਡਰ ਤੋਂ ਬਗ਼ੈਰ ਬੋਲਣ ਅਤੇ ਲਿਖਣ। ਡਰ ਨੂੰ ਛੱਡ ਦਿਉ।
ਦੂਜੇ ਪਾਸੇ ਦਿੱਲੀ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ ਆਗੂ ਮਨੀਸ਼ ਸਿਸੋਦੀਆ ਨੇ ਸਿਨਹਾ ਦੀ ਚਿੰਤਾ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਮੌਜੂਦਾ ਸਥਿਤੀ ਨਾਲ ਆਮ ਆਦਮੀ ਬਦਹਾਲ ਅਤੇ ਚੋਣਵੇਂ ਉਦਯੋਗਪਤੀ ਮਾਲਾਮਾਲ ਹੋ ਰਹੇ ਹਨ।
ਜਦਕਿ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਉਤੇ ਆਮ ਲੋਕਾਂ ਦੀ ਹਾਲਤ ਨੂੰ ਨਜ਼ਰਅੰਦਾਜ਼ ਕਰਨ ਅਤੇ ਕੁੱਝ ਲੋਕਾਂ ਦੇ ਹਿਤ ਦਾ ਖ਼ਿਆਲ ਰੱਖਣ ਦਾ ਦੋਸ਼ ਲਾਇਆ। ਗੁਜਰਾਤ ਦੇ ਸੁੰਦਰਨਗਰ ਜ਼ਿਲ੍ਹੇ 'ਚ ਚੋਟਿਲਾ ਨੇੜੇ ਛੋਟੀ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ''ਅੱਜ ਮੈਂ ਯਸ਼ਵੰਤ ਸਿਨਹਾ ਦਾ ਲੇਖ ਪੜ੍ਹਿਆ। ਉਨ੍ਹਾਂ ਲਿਖਿਆ ਹੈ ਕਿ ਮੋਦੀ ਜੀ ਅਤੇ ਜੇਤਲੀ ਜੀ ਨੇ ਭਾਰਤੀ ਅਰਥਚਾਰੇ ਦਾ ਨਾਸ਼ ਕਰ ਦਿਤਾ ਹੈ। ਇਹ ਮੇਰੇ ਵਿਚਾਰ ਨਹੀਂ ਬਲਕਿ ਭਾਜਪਾ ਆਗੂ ਦੀ ਰਾਏ ਹੈ।'' ਰਾਹੁਲ ਨੇ ਦਾਅਵਾ ਕੀਤਾ ਕਿ ਦੇਸ਼ ਦਾ ਅਰਥਚਾਰਾ ਮੁਸ਼ਕਲ 'ਚ ਹੈ ਕਿਉਂਕਿ ਭਾਜਪਾ ਸਰਕਾਰ ਆਮ ਲੋਕਾਂ ਦੀ ਗੱਲ ਨਹੀਂ ਸੁਣਦੀ।
ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਰਜਨਾਥ ਸਿੰਘ ਨੇ ਸਿਨਹਾ ਵਲੋਂ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਦੀ ਆਲੋਚਨਾ ਕੀਤੇ ਜਾਣ ਨੂੰ ਜ਼ਿਆਦਾ ਤਵੱਜੋ ਨਾ ਦਿੰਦਿਆਂ ਅੱਜ ਕਿਹਾ ਕਿ ਭਾਰਤ ਦਾ ਅਰਥਚਾਰਾ ਦੁਨੀਆਂ 'ਚ ਸੱਭ ਤੋਂ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੌਮਾਂਤਰੀ ਫ਼ਲਕ ਉਤੇ ਭਾਰਤ ਦੀ ਭਰੋਸੇਯੋਗਤਾ ਸਥਾਪਤ ਹੋਈ ਹੈ।  ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ''ਪੂਰੀ ਦੁਨੀਆਂ ਮੰਨਦੀ ਹੈ ਕਿ ਭਾਰਤ ਦੁਨੀਆਂ ਦਾ ਸੱਭ ਤੋਂ ਤੇਜ਼ੀ ਨਾਲ ਵਧਦਾ ਅਰਥਚਾਰਾ ਹੈ।'' (ਏਜੰਸੀਆਂ)