ਜੀ.ਐਸ.ਟੀ. ਨੇ ਦੀਵਾਲੀ ਦੀਆਂ ਰੌਸ਼ਨੀਆਂ ਕੀਤੀਆਂ ਮੱਧਮ

ਖ਼ਬਰਾਂ, ਰਾਸ਼ਟਰੀ

ਐਸ.ਏ.ਐਸ. ਨਗਰ, 17 ਅਕਤੂਬਰ (ਗੁਰਮੁਖ ਵਾਲੀਆ) : ਦੀਵਾਲੀ ਦੇ ਤਿਉਹਾਰ ਮੌਕੇ ਭਾਵੇ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿਚ ਭਾਵੇਂ ਦੀਵਾਲੀ ਦੇ ਤਿਉਹਾਰ ਕਾਰਨ ਦੁਕਾਨਾਂ ਅਤੇ ਸ਼ੋਅਰੂਮ ਸਜਾਏ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਮਾਰਕੀਟਾਂ ਵਿਚ ਲੋਕਾਂ ਦੀ ਚਹਿਲ-ਪਹਿਲ ਵੀ ਦਿਖਾਈ ਦੇ ਰਹੀ ਹੈ ਪਰ ਇਸ ਸੱਭ ਦੇ ਬਾਵਜੂਦ ਇਸ ਵਾਰੀ ਨੋਟਬੰਦੀ ਤੇ ਜੀ.ਐਸ.ਟੀ. ਲਾਗੂ ਹੋਣ ਕਾਰਨ ਦੀਵਾਲੀ ਦਾ ਤਿਉਹਾਰ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਫਿੱਕਾ ਦਿਖਾਈ ਦੇ ਰਿਹਾ ਹੈ।ਇਸ ਵਾਰ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿਚ ਲੋਕ ਆ ਤਾਂ ਰਹੇ ਹਨ ਪਰ ਉਹ ਖੁਲ੍ਹ ਕੇ ਖ਼ਰੀਦਦਾਰੀ ਨਹੀਂ ਕਰ ਰਹੇ। ਵੱਡੀ ਗਿਣਤੀ ਲੋਕ ਤਾਂ ਵੱਖ-ਵੱਖ ਆਈਟਮਾਂ ਦਾ ਰੇਟ ਪੁੱਛ ਕੇ ਹੀ ਅੱਗੇ ਚਲੇ ਜਾਂਦੇ ਹਨ ਅਤੇ ਕੁੱਝ ਵੀ ਨਹੀਂ ਖ਼ਰੀਦਦੇ, ਜਿਸ ਕਾਰਨ ਦੀਵਾਲੀ ਮੌਕੇ ਚੰਗੀ ਕਮਾਈ ਕਰਨ ਦੀ ਉਮੀਦ ਲਾਈ ਬੈਠੇ ਦੁਕਾਨਦਾਰਾਂ ਵਿਚ ਮਾਯੂਸੀ ਪਾਈ ਜਾ ਰਹੀ ਹੈ।ਇਸ ਸਬੰਧੀ ਫ਼ੇਜ਼-7 ਦੀ ਮਾਰਕੀਟ ਦੇ ਦੁਕਾਨਦਾਰ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਸੀ ਕਿ ਉਹ ਇਸ ਵਾਰ ਦੀਵਾਲੀ ਮੌਕੇ ਚੰਗੀ ਕਮਾਈ ਕਰ ਲੈਣਗੇ ਪਰ ਜਿਸ ਢੰਗ ਨਾਲ ਗਾਹਕਾਂ ਦੀ ਘੱਟ ਆਮਦ ਹੋ ਰਹੀ ਹੈ, ਉਸ ਤੋਂ ਲਗਦਾ ਹੈ ਕਿ ਇਸ ਵਾਰ ਤਾਂ ਦੀਵਾਲੀ ਦੇ ਤਿਉਹਾਰ ਮੌਕੇ ਦੁਕਾਨਾਂ ਦੇ ਖ਼ਰਚੇ ਹੀ ਮੁਸ਼ਕਲ ਨਾਲ ਨਿਕਲਣਗੇ। ਉਨ੍ਰਾਂ ਕਿਹਾ ਕਿ ਲੋਕ ਮਾਰਕੀਟ ਵਿਚ ਆ ਤਾਂ ਰਹੇ ਹਨ ਪਰ ਖੁੱਲ੍ਹ ਕੇ ਖ਼ਰੀਦਦਾਰੀ ਕਰਨ ਤੋਂ ਗੁਰੇਜ਼ ਕਰ ਰਹੇ ਹਨ।
ਫੇਜ 3 ਬੀ 2 ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ ਪੀ ਦਾ ਕਹਿਣਾ ਹੈ ਕਿ ਦੀਵਾਲੀ ਦੇ ਤਿਉਹਾਰ ਮੌਕੇ ਰੌਣਕਾਂ ਤਾਂ ਖੂਬ ਲੱਗੀਆਂ ਹੋਈਆਂ ਹਨ ਪਰ ਦੁਕਾਨਾਂ ਉਪਰ ਲੋਕ ਖ਼ਰੀਦਦਾਰੀ ਘੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਵਿਚ ਲੱਗੀਆਂ ਰੇਹੜੀਆਂ-ਫੜੀਆਂ ਕਾਰਨ ਅਤੇ  ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਹੋਰ ਖ਼ਾਲੀ ਥਾਵਾਂ ਉਪਰ ਬੈਠੇ ਸਮਾਨ    ਵੇਚਣ ਵਾਲਿਆਂ ਕਾਰਨ ਵੀ ਦੁਕਾਨਾਂ ਦਾ ਕੰਮ ਪ੍ਰਭਾਵਤ ਹੋ ਰਿਹਾ ਹੈ। ਆਮ ਲੋਕ ਸਸਤੇ ਦੇ ਲਾਲਚ ਵਿਚ ਰੇਹੜੀ ਫੜੀ ਵਾਲਿਆਂ ਤੋਂ ਹੀ ਸਮਾਨ ਖ਼ਰੀਦਣ ਨੂੰ ਤਰਜ਼ੀਹ ਦੇ ਰਹੇ ਹਨ ਜਿਸ ਕਰ ਕੇ ਦੁਕਾਨਾਂ ਉਪਰ ਵਿਕਰੀ ਕਾਫ਼ੀ ਘੱਟ ਹੋ ਰਹੀ ਹੈ।