ਕਿਹਾ-ਇਹ ਬਦਲਾਅ ਬਹੁਤ ਵਧੀਆ ਢੰਗ ਨਾਲ ਲਾਗੂ ਹੋਇਆ
ਨਵੀਂ
ਦਿੱਲੀ, 30 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮਾਲ ਅਤੇ ਸੇਵਾ
ਕਰ ਯਾਨੀ ਜੀਐਸਟੀ ਸਬੰਧੀ ਸਾਰੇ ਡਰ ਬੇਬੁਨਿਆਦ ਸਾਬਤ ਹੋਏ ਹਨ ਅਤੇ ਇਹ ਬਦਲਾਅ ਬਹੁਤ ਵਧੀਆ
ਢੰਗ ਨਾਲ ਲਾਗੂ ਹੋਇਆ ਹੈ। ਜੀਐਸਟੀ ਇਕ ਜੁਲਾਈ ਤੋਂ ਲਾਗੂ ਕੀਤਾ ਗਿਆ ਸੀ।
ਪ੍ਰਧਾਨ
ਮੰਤਰੀ ਵੀਡੀਉ ਕਾਨਫ਼ਰੰਸਿੰਗ ਜ਼ਰੀਏ 'ਪ੍ਰੋ ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ :
ਪ੍ਰਗਤੀ' ਦੀ 21 ਵੀਂ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ। ਇਹ ਰਾਜਾਂ ਦੇ ਸੀਨੀਅਰ
ਅਧਿਕਾਰੀਆਂ ਨਾਲ ਹੋਣ ਵਾਲੀ ਮਹੀਨਾਵਾਰ ਬੈਠਕ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ਜਾਰੀ
ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਜੀਐਸਟੀ ਤਹਿਤ
ਪੰਜੀਕਰਣ ਵਧਾਉਣ ਲਈ ਕਿਹਾ ਹੈ ਤਾਕਿ ਇਕ ਮਹੀਨੇ ਵਿਚ ਇਸ ਵਿਚ ਜ਼ਿਕਰਯੋਗ ਵਾਧਾ ਹੋ ਸਕੇ।
ਬਿਆਨ ਵਿਚ ਕਿਹਾ ਗਿਆ ਕਿ ਪ੍ਰਗਤੀ ਦੀਆਂ ਪਿਛਲੀਆਂ 20 ਬੈਠਕਾਂ ਵਿਚ ਕੁਲ 8.79 ਲੱਖ ਕਰੋੜ
ਰੁਪਏ ਦੇ ਨਿਵੇਸ਼ ਦੀਆਂ 183 ਪਰਿਯੋਜਨਾਵਾਂ ਦੀ ਸਮੀਖਿਆ ਕੀਤੀ ਗਈ।
ਇਸ ਤੋਂ ਇਲਾਵਾ
17 ਖੇਤਰਾਂ ਵਿਚ ਜਨ ਸ਼ਿਕਾਇਤਾਂ ਦੇ ਨਿਪਟਾਰੇ ਦੀ ਵੀ ਸਮੀਖਿਆ ਕੀਤੀ ਗਈ। ਬਿਆਨ ਵਿਚ ਕਿਹਾ
ਗਿਆ ਕਿ ਅੱਜ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਰੇਲਵੇ, ਸੜਕ, ਬਿਜਲੀ, ਤੇਲ, ਪਾਈਪਲਾਈਨ
ਅਤੇ ਹੋਰ ਖੇਤਰਾਂ ਵਿਚ 56,000 ਕਰੋੜ ਰੁਪਏ ਦੇ 9 ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ
ਸਮੀਖਿਆ ਕੀਤੀ। ਇਹ ਪ੍ਰਾਜੈਕਟ ਪੰਜਾਬ, ਹਰਿਆਣਾ ਸਮੇਤ 9 ਰਾਜਾਂ ਨਾਲ ਸਬੰਧਤ ਹਨ। ਮੋਦੀ
ਨੇ ਪੇਟੰਟ ਅਤੇ ਟਰੇਡਮਾਰਕ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਵਿਚ ਹੋਈ ਪ੍ਰਗਤੀ ਦੀ ਵੀ
ਸਮੀਖਿਆ ਕੀਤੀ। ਬਿਆਨ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਇਸ ਪ੍ਰਕ੍ਰਿਆ ਨੂੰ
ਤਰਕਸੰਗਤ ਬਣਾਉਣ ਲਈ ਕਿਹਾ।
ਇਸੇ ਦੌਰਾਨ ਅੱਜ ਆਰਬੀਆਈ ਨੇ ਅਪਣੀ ਸਾਲਾਨਾ ਰੀਪੋਰਟ ਵਿਚ
ਪ੍ਰਗਟਾਵਾ ਕੀਤਾ ਕਿ 8 ਨਵੰਬਰ ਨੂੰ ਨੋਟਬੰਦੀ ਦੇ ਐਲਾਨ ਤੋਂ ਬਾਅਦ ਬੈਂਕਾਂ ਕੋਲ 1000
ਰੁਪਏ ਦੇ 8 ਕਰੋੜ 90 ਲੱਖ ਪਾਬੰਦੀਸ਼ੁਦਾ ਨੋਟ ਵਾਪਸ ਨਹੀਂ ਆਏ। ਰੀਪੋਰਟ ਮੁਤਾਬਕ ਨੋਟਬੰਦੀ
ਤੋਂ ਬਾਅਦ ਨੋਟ ਦੀ ਪਿੰ੍ਰਟਿੰਗ ਦੀ ਲਾਗਤ 'ਚ ਵਾਧਾ ਹੋਇਆ ਹੈ।
ਜਿਥੇ ਵਿੱਤੀ ਵਰ੍ਹੇ
2016 'ਚ ਰਿਜ਼ਰਵ ਬੈਂਕ ਨੇ ਕਰੰਸੀ ਛਾਪਣ 'ਤੇ 3,421 ਕਰੋੜ ਰੁਪਏ ਖ਼ਰਚ ਕੀਤੇ ਸਨ, ਉਥੇ
ਹੀ ਨੋਟਬੰਦੀ ਤੋਂ ਬਾਅਦ ਵਿੱਤੀ ਵਰ੍ਹੇ 2017 'ਚ ਇਹ ਖ਼ਰਚਾ ਵਧ ਕੇ 7,965 ਕਰੋੜ ਰੁਪਏ ਹੋ
ਗਿਆ। ਵਿੱਤੀ ਵਰ੍ਹੇ 2016-17 ਲਈ ਜਾਰੀ ਰੀਪੋਰਟ 'ਚ ਇਸ ਸਮੇਂ 2000 ਦੇ 3285 ਮਿਲੀਅਨ
ਨੋਟ ਬਾਜ਼ਾਰ 'ਚ ਹਨ। 2000 ਰੁਪਏ ਦੀ ਕੁਲ ਰਕਮ 6571 ਬਿਲੀਅਨ ਰੁਪਏ ਹੈ। ਇਸ ਸਮੇਂ ਦੇਸ਼
'ਚ 500 ਦੇ 5882 ਮਿਲੀਅਨ ਨੋਟ ਬਾਜ਼ਾਰ 'ਚ ਹਨ, ਜਿਨ੍ਹਾਂ ਦੀ ਕੀਮਤ 2941 ਬਿਲੀਅਨ ਹੈ।
ਜ਼ਿਕਰਯੋਗ
ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਦੇਸ਼ 'ਚ ਨੋਟਬੰਦੀ ਦਾ
ਐਲਾਨ ਕਰਦਿਆਂ 500 ਅਤੇ 1000 ਰੁਪਏ ਦੀ ਕਰੰਸੀ 'ਤੇ ਰੋਕ ਲਗਾ ਦਿਤੀ ਸੀ। ਇਸ ਤੋਂ ਬਾਅਦ
ਕੇਂਦਰੀ ਬੈਂਕ ਨੇ ਪਹਿਲਾਂ 2000 ਰੁਪਏ ਦੀ ਨਵੀਂ ਕਰੰਸੀ ਦਾ ਸੰਚਾਰ ਸ਼ੁਰੂ ਕੀਤਾ ਅਤੇ ਕੁਝ
ਦਿਨਾਂ ਬਾਅਦ ਨਵੀਂ ਸੀਰੀਜ਼ ਦੀ 500 ਰੁਪਏ ਦੀ ਕਰੰਸੀ ਦਾ ਸੰਚਾਰ ਸ਼ੁਰੂ ਕਰ ਦਿਤਾ ਸੀ।
(ਏਜੰਸੀ)