ਜੀਐਸਟੀ ਦੀ ਵੱਡੀ ਹਮਾਇਤੀ ਪੰਜਾਬ ਸਰਕਾਰ ਦੀ ਤਿੰਨ ਮਹੀਨਿਆਂ 'ਚ ਹੀ 'ਜਾਨ' ਨਿਕਲੀ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 8 ਸਤੰਬਰ : ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਜੀਐਸਟੀ ਨੂੰ ਬਿਨਾਂ ਤਿਆਰੀ ਲਾਗੂ ਕਰਨ ਨਾਲ ਦੇਸ਼ ਵਿਚ 'ਹਾਹਾਕਾਰ' ਮਚ ਗਈ ਹੈ। ਇਸ ਕਾਰਨ ਰਾਜਾਂ ਦੀ ਆਮਦਨ ਉਮੀਦ ਤੋਂ ਉਲਟ ਘੱਟ ਹੋ ਗਈ ਹੈ ਅਤੇ ਉਨ੍ਹਾਂ ਨੂੰ ਘਾਟੇ ਦੀ ਪੂਰਤੀ ਲਈ ਵਿਆਜ 'ਤੇ ਪੈਸਾ ਲੈਣਾ ਪੈ ਰਿਹਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕੁੱਝ ਰਾਜਾਂ ਵਿਚ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ ਜਿਸ ਕਾਰਨ ਸਰਕਾਰਾਂ ਨੂੰ ਵਿਆਜ 'ਤੇ ਪੈਸੇ ਲੈਣੇ ਪੈ ਰਹੇ ਹਨ। ਕਾਰਨ ਹੈ ਕਿ ਉਨ੍ਹਾਂ ਨੂੰ ਕੇਂਦਰ ਕੋਲੋਂ ਅਪਣੇ ਹਿੱਸੇ ਦੇ ਪੈਸੇ ਨਹੀਂ ਮਿਲ ਰਹੇ।

       ਸੁਰਜੇਵਾਲਾ ਨਾਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਰਨਾਟਕ ਦੇ ਕੈਬਨਿਟ ਮੰਤਰੀ ਕ੍ਰਿਸ਼ਨਾ ਬਾਇਰੇ ਵੀ ਸਨ। ਮਨਪ੍ਰੀਤ ਬਾਦਲ ਨੇ ਕਿਹਾ, 'ਕਲ ਹੋਣ ਵਾਲੀ ਜੀਐਸਟੀ ਪਰਿਸ਼ਦ ਦੀ ਬੈਠਕ ਵਿਚ ਇਹ ਮੁੱਦੇ ਚੁਕੇ ਜਾਣਗੇ। ਰਾਜਾਂ 'ਤੇ ਬਹੁਤ ਦਬਾਅ ਹੈ। ਅਫਰਾ-ਤਫਰੀ ਮਚੀ ਹੋਈ ਹੈ ਕਿਉਂਕਿ ਰਾਜਾਂ ਨੂੰ ਅਪਣਾ ਕੰਮਕਾਰ ਚਲਾਉਣ ਲਈ ਉਧਾਰ ਪੈਸੇ ਲੈਣੇ ਪੈ ਰਹੇ ਹਨ। ਕਪੜੇ ਜਿਹੇ ਘਰੇਲੂ ਨਿਰਮਾਣ ਖੇਤਰਾਂ ਵਿਚ ਹਾਹਾਕਾਰ ਹੈ ਅਤੇ ਰਾਜਾਂ ਦੀ ਆਮਦਨ ਉਮੀਦ ਤੋਂ ਘੱਟ ਹੋ ਰਹੀ ਹੈ।'

      ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਨੇ ਕਿਹਾ, 'ਪੰਜਾਬ ਨੂੰ ਇਸ ਸਾਲ ਜੁਲਾਈ ਵਿਚ 1650 ਕਰੋੜ ਰੁਪਏ ਦੇ ਕਰ ਦੀ ਵਸੂਲੀ ਦੀ ਉਮੀਦ ਸੀ ਪਰ ਸੂਬੇ ਨੂੰ ਕੇਵਲ 846 ਕਰੋੜ ਰੁਪਏ ਮਿਲੇ। ਤਨਖ਼ਾਹਾਂ ਦੇਣ ਲਈ ਵਿਆਜ 'ਤੇ ਪੈਸਾ ਲੈਣਾ ਪੈ ਰਿਹਾ ਹੈ। ਦੂਜੇ ਪਾਸੇ ਕੇਂਦਰ ਪੈਸੇ ਦੇ ਢੇਰ 'ਤੇ ਬੈਠਾ ਹੋਇਆ ਹੈ ਅਤੇ ਇਸ ਦਾ ਵਿਆਜ ਖਾ ਰਿਹਾ ਹੈ।' ਜ਼ਿਕਰਯੋਗ ਹੈ ਕਿ ਪੰਜਾਬ ਉਨ੍ਹਾਂ ਸੂਬਿਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਜੀਐਸਟੀ ਸੱਭ ਤੋਂ ਪਹਿਲਾਂ ਲਾਗੂ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਸਮੇਤ ਹੋਰ ਕਾਂਗਰਸੀ ਆਗੂ ਜੀਐਸਟੀ ਦੀ ਜ਼ੋਰ-ਸ਼ੋਰ ਨਾਲ ਹਮਾਇਤ ਕਰਦਿਆਂ ਕਹਿ ਰਹੇ ਸਨ ਕਿ ਇਸ ਤੋਂ ਪੰਜਾਬ ਨੂੰ ਭਾਰੀ ਵਿੱਤੀ ਲਾਭ ਹੋਵੇਗਾ ਹਾਲਾਂਕਿ ਕਾਂਗਰਸ ਹਾਈ ਕਮਾਨ ਦਾ ਜੀਐਸਟੀ ਪ੍ਰਤੀ ਪੈਂਤੜਾ ਉਲਟ ਤੇ ਵਿਰੋਧ ਵਾਲਾ ਸੀ। ਪੰਜਾਬ ਵਿਧਾਨਸਭਾ ਨੇ 19 ਜੂਨ ਨੂੰ ਜੀਐਸਟੀ ਬਿਲ ਪਾਸ ਕੀਤਾ ਸੀ।

       ਕਰਨਾਟਕਾ ਦੇ ਮੰਤਰੀ ਗੌੜਾ ਨੇ ਕਿਹਾ ਕਿ ਕਰਨਾਟਕ ਦੀ ਆਮਦਨ ਵਿਚ ਜੁਲਾਈ ਵਿਚ 600 ਕਰੋੜ ਰੁਪਏ ਦੀ ਕਮੀ ਆਈ ਹੈ। ਜੀਐਸਟੀ ਲਾਗੂ ਹੋਣ ਤੋਂ ਬਾਅਦ ਜੁਲਾਈ ਪਹਿਲਾ ਮਹੀਨਾ ਹੈ।' ਦੋਹਾਂ ਮੰਤਰੀਆਂ ਨੇ ਕਿਹਾ ਕਿ ਕਲ ਜੀਐਸਟੀ ਪਰਿਸ਼ਦ ਦੀ ਬੈਠਕ ਵਿਚ ਇਸ ਮੁੱਦੇ ਨੂੰ ਮਜ਼ਬੂਤੀ ਨਾਲ ਚੁਕਿਆ ਜਾਵੇਗਾ ਕਿਉਂਕਿ ਕਾਂਗਰਸ ਨੂੰ ਕਈ ਮੁੱਦਿਆਂ 'ਤੇ ਸਖ਼ਤ ਇਤਰਾਜ਼ ਹੈ। (ਏਜੰਸੀ)