ਜਿਊਂਦੇ-ਜੀਅ ਡੇਰਾ ਮੁਖੀ ਦੀ ਗੱਦੀ ਨਹੀਂ ਛੱਡੇਗਾ ਸੌਦਾ ਸਾਧ!

ਖ਼ਬਰਾਂ, ਰਾਸ਼ਟਰੀ




ਬਠਿੰਡਾ, 31 ਅਗੱਸਤ (ਸੁਖਜਿੰਦਰ ਮਾਨ): ਬਲਾਤਕਾਰ ਦੇ ਮਾਮਲੇ 'ਚ ਜੇਲ ਵਿਚ ਸਜ਼ਾ ਭੁਗਤ ਰਹੇ ਸੌਦਾ ਸਾਧ ਦੀ ਥਾਂ 'ਤੇ ਉਸ ਦਾ ਵਾਰਸ ਨਿਯੁਕਤ ਕਰਨ ਦੀ ਚਲ ਰਹੀ ਉਥਲ-ਪੁਥਲ ਦੌਰਾਨ ਪਤਾ ਲਗਿਆ ਹੈ ਕਿ ਸੌਦਾ ਸਾਧ ਅਪਣੇ ਜਿਊਂਦੇ-ਜੀਅ ਇਹ ਗੱਦੀ ਛੱਡਣ ਲਈ ਤਿਆਰ ਨਹੀਂ ਹੋਵੇਗਾ।
ਸੌਦਾ ਸਾਧ ਦੇ ਨਜ਼ਦੀਕੀ ਰਹੇ ਸੂਤਰਾਂ ਮੁਤਾਬਕ ਬੇਸ਼ੱਕ ਅਪਣੀ ਚੜ੍ਹਾਈ ਦੌਰਾਨ ਹੀ ਸੌਦਾ ਸਾਧ ਵਲੋਂ ਡੇਰੇ ਦੀ 1000 ਕਰੋੜ ਦੇ ਕਰੀਬ ਜਾਇਦਾਦ ਨੂੰ ਸਦਾ ਲਈ ਅਪਣੇ ਕਬਜ਼ੇ 'ਚ ਰੱਖਣ ਵਾਸਤੇ ਟਰੱਸਟ ਬਣਾ ਕੇ ਅਪਣੇ ਪੁੱਤਰ ਜਸਮੀਤ ਸਿੰਘ ਇੰਸਾਂ ਨੂੰ ਮੁਖੀ ਥਾਪ ਦਿਤਾ ਸੀ ਪ੍ਰੰਤੂ ਹੁਣ ਜਸਮੀਤ ਨੂੰ ਪੂਰੀ ਗੁਰਗੱਦੀ ਦਾ ਵਾਰਸ ਬਣਾਉਣ ਦਾ ਕਾਰਜ ਕਾਫ਼ੀ ਔਖਾ ਦਿਖਾਈ ਦੇ ਰਿਹਾ ਹੈ। ਸੂਤਰਾਂ ਮੁਤਾਬਕ ਜੇਕਰ ਮੌਜੂਦਾ ਹਾਲਾਤ 'ਚ ਸੌਦਾ ਸਾਧ ਅਪਣੀ ਗੱਦੀ ਵੀ ਕਿਸੇ ਹੋਰ ਦੇ ਹਵਾਲੇ ਕਰ ਦਿੰਦਾ ਹੈ ਤਾਂ ਉਸ ਦੀ ਹਾਲਤ ਸਿਰਫ਼ ਇਕ ਆਮ ਕੈਦੀ ਵਾਲੀ ਹੋ ਜਾਵੇਗੀ ਤੇ ਨੇੜ ਭਵਿੱਖ 'ਚ ਉਸ ਦੇ ਬਾਹਰ ਆਉਣ ਦੀ ਕੋਈ ਵੀ ਆਸ ਬਾਕੀ ਨਹੀਂ ਰਹਿ ਜਾਵੇਗੀ ਜਿਸ ਦੇ ਚਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਡੇਰੇ ਦਾ ਕੰਮ-ਕਾਜ ਚਲਾਉਣ ਲਈ ਪਰਵਾਰ ਦੇ ਦਬਾਅ ਉਪਰ ਸੌਦਾ ਸਾਧ ਵਲੋਂ ਅਪਣੇ ਪੁੱਤਰ ਨੂੰ ਕਾਰਜਕਾਰੀ ਮੁਖੀ ਜਾਂ ਫਿਰ ਪ੍ਰਬੰਧਕ ਐਲਾਂਿਨਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਡੇਰੇ ਤੋਂ ਸਦਾ ਲਈ ਤੋੜ-ਵਿਛੋੜਾ ਕਰਨ ਵਾਲੇ ਸ਼ਰਧਾਲੂਆਂ ਨੂੰ ਠੱਲ੍ਹ ਪੈ ਜਾਵੇਗੀ।

ਇਸ ਦੇ ਇਲਾਵਾ ਡੇਰੇ ਦੀ ਜਾਇਦਾਦ ਵੀ ਪਰਵਾਰ ਦੇ ਹੱਥਾਂ ਵਿਚ ਸੁਰੱਖਿਅਤ ਰਹੇਗੀ।
ਸੌਦਾ ਸਾਧ ਦੇ ਜੇਲ ਜਾਣ ਤੋਂ ਬਾਅਦ ਉਸ ਦੀ ਜਾਇਦਾਦ ਤੇ ਵਾਰਸਾਂ ਬਾਰੇ ਚਲ ਰਹੀਆਂ ਕਿਆਸਅਰਾਈਆਂ ਦੌਰਾਨ ਇਹ ਵੀ ਪਤਾ ਲਗਿਆ ਹੈ ਕਿ ਡੇਰਾ ਮੁਖੀ ਦੇ ਜੱਦੀ ਪਿੰਡ ਗੁਰੂਸਰ ਮੋਡੀਆ ਵਿਖੇ ਪੁੱਜੇ ਪਰਵਾਰ ਨੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਦੀ ਅਗਵਾਈ ਵਿਚ ਮੀਟਿੰਗ ਵੀ ਕੀਤੀ ਹੈ ਜਿਸ ਵਿਚ ਪ੍ਰਵਾਰ ਤੋਂ ਇਲਾਵਾ ਬਾਹਰਲੇ ਕਿਸੇ ਵਿਅਕਤੀ ਨੂੰ ਸ਼ਾਮਲ ਨਹੀਂ ਹੋਣ ਦਿਤਾ। ਬਾਹਰ ਨਿਕਲ ਕੇ ਆ ਰਹੀਆਂ ਚਰਚਾਵਾਂ ਮੁਤਾਬਕ ਸੌਦਾ ਸਾਧ ਦੀ ਮਾਤਾ ਨਸੀਬ ਕੌਰ ਅਪਣੇ ਪੋਤਰੇ ਜਸਮੀਤ ਸਿੰਘ ਇੰਸਾਂ ਨੂੰ ਡੇਰਾ ਸਿਰਸਾ ਦਾ ਮੁਖੀ ਬਣਾਉਣ ਲਈ ਸੱਭ ਤੋਂ ਵੱਧ ਤਤਪਰ ਹੈ। ਇਹ ਵੀ ਪਤਾ ਲਗਿਆ ਹੈ ਕਿ ਸੌਦਾ ਸਾਧ ਦੀ ਕਥਿਤ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾਂ ਨੂੰ ਪਾਸੇ ਰੱਖਣ ਲਈ ਇਕ ਹੋਰ ਗੱਦੀ ਦੀ ਦਾਅਵੇਦਾਰ ਵਿਪਾਸਨਾ ਨੂੰ ਪਹਿਲਾਂ ਵਾਲੀ ਪੁਜ਼ੀਸ਼ਨ ਨੰਬਰ ਦੋ ਉਪਰ ਰੱਖਣ ਬਾਰੇ ਸਹਿਮਤੀ ਬਣ ਰਹੀ ਹੈ।
ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਪਰਵਾਰ ਵਲੋਂ ਜੇਲ ਪ੍ਰਸ਼ਾਸਨ ਨੂੰ ਸੌਦਾ ਸਾਧ ਨਾਲ ਮੁਲਾਕਾਤ ਵਾਸਤੇ ਜਿਹੜੀ 9 ਮੈਂਬਰੀ ਲਿਸਟ ਸੌਂਪੀ ਗਈ ਹੈ, ਉਸ ਵਿਚ ਵੀ ਹਨੀਪ੍ਰੀਤ ਇੰਸਾਂ ਦਾ ਨਾਮ ਸ਼ਾਮਲ ਨਹੀਂ ਦਸਿਆ ਜਾ ਰਿਹਾ। ਡੇਰਾ ਮੁਖੀ ਨਾਲ ਪ੍ਰਛਾਵੇ ਵਾਂਗ ਚਲਣ ਵਾਲੀ ਇਸ ਲੜਕੀ ਬਾਰੇ ਪਰਵਾਰ ਨੂੰ ਸ਼ੱਕ ਹੈ ਕਿ ਜੇਕਰ ਗੱਦੀ ਉਪਰ ਇਸ ਦਾ ਕਬਜ਼ਾ ਹੋ ਗਿਆ ਤਾਂ ਉਹ ਵੀ ਦੂਜੇ ਗੁਰੂ ਸ਼ਾਹ ਸਤਨਾਮ ਸਿੰਘ ਦੇ ਪਰਵਾਰ ਵਾਂਗ ਅਣਗੋਲੇ ਹੋ ਜਾਣਗੇ। ਸੂਤਰਾਂ ਮੁਤਾਬਕ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਤੇ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਰਹੇ ਹਰਮਿੰਦਰ ਸਿੰਘ ਜੱਸੀ ਵੀ ਲਗਾਤਾਰ ਪਰਵਾਰ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਵਲੋਂ ਵੀ ਅਪਣੇ ਜਵਾਈ ਜਸਪ੍ਰੀਤ ਸਿੰਘ ਇੰਸਾਂ ਨੂੰ ਡੇਰੇ ਦੀ ਪੂਰੀ ਕਮਾਂਡ ਸੌਂਪਣ ਲਈ ਅਪਣਾ ਪ੍ਰਭਾਵ ਵਰਤਿਆ ਜਾ ਰਿਹਾ ਹੈ। ਦਸਣਾ ਬਣਦਾ ਹੈ ਕਿ ਸਾਲ 2003 ਵਿਚ ਡੇਰਾ ਮੁਖੀ ਦੇ ਪੁੱਤਰ ਜਸਮੀਤ ਸਿੰਘ ਨਾਲ ਜੱਸੀ ਦੀ ਪੁੱਤਰੀ ਹੁਸਨਮੀਤ ਕੌਰ ਦਾ ਵਿਆਹ ਹੋਇਆ ਸੀ।