ਜੀਕੇ ਨੇ ਜਸਪਾਲ ਅਟਵਾਲ ਦੇ ਪੱਖ 'ਚ ਬੋਲਦਿਆਂ ਕੇਂਦਰ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਆੜੇ ਹੱਥੀਂ ਲਿਆ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਾਬਕਾ ਸਿੱਖ ਵੱਖਵਾਦੀ ਜਸਪਾਲ ਸਿੰਘ ਅਟਵਾਲ ਨੂੰ ਕੈਨੇਡੀਅਨ ਹਾਈ ਕਮਿਸ਼ਨ ਵਲੋਂ ਮਿਲੇ ਸੱਦੇ ਨੂੰ ਬੇਵਜ੍ਹਾ ਵੱਡਾ ਮੁੱਦਾ ਬਣਾਉਣ 'ਤੇ ਕੇਂਦਰ ਸਰਕਾਰ ਅਤੇ ਦੇਸ਼ ਦੀਆਂ ਖ਼ੁਫ਼ੀਆ ਏਜੰਸੀਆਂ 'ਤੇ ਜਮ ਕੇ ਨਿਸ਼ਾਨਾ ਸਾਧਿਆ ਹੈ। ਇਸ ਮਾਮਲੇ ਨੂੰ ਜ਼ਿਆਦਾ ਵਧਦਾ ਦੇਖ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਸਪਾਲ ਅਟਵਾਲ ਨੂੰ ਦਿੱਤੇ ਡਿਨਰ ਦੇ ਸੱਦੇ ਨੂੰ ਰੱਦ ਕਰ ਦਿੱਤਾ ਸੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀ ਮਨਜੀਤ ਸਿੰਘ ਜੀਕੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਮੁਖੀ ਵੀ ਹਨ, ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਕਰੀਬ 6 ਮਹੀਨੇ ਪਹਿਲਾਂ ਅਟਵਾਲ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਆਖਿਆ ਕਿ ਅਟਵਾਲ ਉਨ੍ਹਾਂ ਦੀ ਇਸ ਯਾਤਰਾ ਦੌਰਾਨ 'ਸਰਕਾਰੀ ਏਜੰਸੀਆਂ' ਨੂੰ ਵੀ ਮਿਲਿਆ ਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਜਸਪਾਲ ਅਟਵਾਲ ਨਾਲ ਖਿਚਵਾਈ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸਾਂਝੀ ਗਈ ਸੀ। ਉਨ੍ਹਾਂ ਇਸ 'ਤੇ ਬੋਲਦਿਆਂ ਆਖਿਆ ਕਿ ਇਹ ਤਸਵੀਰ ਅਗਸਤ 2017 ਵਿਚ ਲਈ ਗਈ ਸੀ।

ਮਨਜੀਤ ਸਿੰਘ ਜੀਕੇ ਨੇ ਆਖਿਆ ਕਿ ਉਹ ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਨਾਲ ਸਹਿਮਤ ਹਨ ਕਿ ਅਟਵਾਲ ਦੇ ਭਾਰਤੀ ਕੂਟਨੀਤਕ ਅਧਿਕਾਰੀਆਂ ਨਾਲ ਕਰੀਬੀ ਸਬੰਧ ਸਨ ਅਤੇ ਭਾਰਤੀ ਸਰਕਾਰ ਦੇ ਅੰਦਰ ਕੁਝ ਲੋਕ ਉਸ ਘਟਨਾ ਦੇ ਪਿੱਛੇ ਸਨ, ਜਿਨ੍ਹਾਂ ਕਾਰਨ ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਇਹੋ ਜਿਹਾ ਵਤੀਰਾ ਹੋਇਆ ਅਤੇ ਇਸ ਨੂੰ ਬਹੁਤ ਹੀ ਮੰਦਭਾਗਾ ਕਿਹਾ ਜਾਵੇਗਾ।