ਚੰਡੀਗੜ੍ਹ,
26 ਸਤੰਬਰ (ਸਸਧ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਲੋਕ ਸਭਾ
ਜ਼ਿਮਨੀ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੀ ਚੋਣ ਮੁਹਿੰਮ ਦੀ ਵਾਗਡੋਰ
ਖ਼ੁਦ ਸੰਭਾਲ ਲਈ ਹੈ। ਮੁੱਖ ਮੰਤਰੀ ਨੇ ਅਪਣੇ ਰਾਜਨੀਤਕ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ
ਗੁਰਦਾਸਪੁਰ ਵਿਖੇ ਇਸ ਚੋਣ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਾਇਨਾਤ ਕਰ ਦਿਤਾ
ਹੈ।
ਚੋਣ ਮੁਹਿੰਮ ਵਿਚ ਕੁੱਦਣ ਤੋਂ ਪਹਿਲਾਂ ਕੈਪਟਨ ਸੰਦੀਪ ਸੰਧੂ ਨੇ ਅਪਣੇ ਰਾਜਨੀਤਕ
ਸਕੱਤਰ ਦੇ ਸਰਕਾਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਉਹ ਮੁੱਖ ਮੰਤਰੀ ਦਫ਼ਤਰ ਵਿਚ ਇਸ
ਅਹੁਦੇ 'ਤੇ ਤਾਇਨਾਤ ਸਨ। ਦੱਸਣਯੋਗ ਹੈ ਕਿ ਕੋਈ ਵੀ ਵਿਅਕਤੀ ਸਰਕਾਰੀ ਅਹੁਦੇ 'ਤੇ ਕੰਮ
ਕਰਦਾ ਹੋਇਆ ਚੋਣ ਮੁਹਿੰਮ ਵਿਚ ਭਾਗ ਨਹੀਂ ਲੈ ਸਕਦਾ। ਪਤਾ ਲਗਿਆ ਹੈ ਕਿ ਸੰਧੂ ਨੂੰ ਮੁੱਖ
ਮੰਤਰੀ ਨੇ ਹਦਾਇਤ ਕੀਤੀ ਹੈ ਕਿ ਉਹ ਵਖਰੇ-ਵਖਰੇ ਲੀਡਰਾਂ ਵਿਚ ਸੂਤਰਧਾਰ ਦਾ ਕੰਮ ਕਰਨ ਅਤੇ
ਚੋਣ ਮੁਹਿੰਮ ਨੂੰ ਗਤੀਸ਼ੀਲ ਬਣਾਉਣ ਲਈ ਆਗੂਆਂ ਨਾਲ ਸੰਪਰਕ ਕਰ ਕੇ ਲੜੀਵਾਰ ਚੋਣ ਰੈਲੀਆਂ
ਦਾ ਪ੍ਰਬੰਧ ਕਰਨ। ਸੰਧੂ ਨੂੰ ਚੋਣ ਮੁਹਿੰਮ ਦੇ ਮੁੱਖ ਦਫ਼ਤਰ ਦਾ ਇੰਚਾਰਜ ਬਣਾਇਆ ਗਿਆ ਹੈ।
ਦਸਣਯੋਗ ਹੈ ਕਿ ਜਾਖੜ ਮੁੱਖ ਮੰਤਰੀ ਦੇ ਬਹੁਤ ਹੀ ਕਰੀਬੀ ਆਗੂਆਂ ਵਿਚੋਂ ਇਕ ਹਨ। ਅਸਲ ਵਿਚ ਜਾਖੜ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਾਉਣ ਲਈ ਮੁੱਖ ਮੰਤਰੀ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਮਾਝੇ ਦੇ ਬਹੁਤ ਸਾਰੇ ਕਾਂਗਰਸੀ ਆਗੂਆਂ ਦੇ ਜ਼ੋਰ ਪਾਉਣ 'ਤੇ ਜਾਖੜ ਨੂੰ ਉਮੀਦਵਾਰ ਬਣਾਇਆ ਹੈ। ਜਾਖੜ ਤੋਂ ਇਲਾਵਾ ਉਥੇ ਆਪ ਪਾਰਟੀ ਦੇ ਸਾਬਕਾ ਮੇਜਰ ਜਨਰਲ ਸੁਰੇਸ਼ ਕੁਮਾਰ ਖ਼ਜੂਰੀਆ ਅਤੇ ਭਾਜਪਾ ਅਕਾਲੀ ਗਠਜੋੜ ਦੇ ਸਵਰਨ ਸਲਾਰੀਆ ਚੋਣ ਲੜ ਰਹੇ ਹਨ। ਕੁੱਝ ਹੋਰ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ ਪਰ ਮੁੱਖ ਮੁਕਾਬਲਾ ਇਨ੍ਹਾਂ ਤਿੰਨਾਂ ਪਾਰਟੀਆਂ ਵਿਚ ਹੀ ਹੈ।
ਇਹ ਚੋਣ ਮੁੱਖ ਮੰਤਰੀ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਕਿਉਂÎਕਿ ਉਨ੍ਹਾਂ ਨੇ ਜਾਖੜ ਲਈ ਟਿਕਟ ਪਾਰਟੀ ਹਾਈਕਮਾਂਡ ਉਤੇ ਪੂਰਾ ਜ਼ੋਰ ਪਾ ਕੇ ਲਈ ਹੈ। ਇਸ ਹਲਕੇ ਵਿਚ ਕਾਂਗਰਸ ਦੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਪਣੀ ਪਤਨੀ ਚਰਨਜੀਤ ਕੌਰ ਬਾਜਵਾ ਲਈ ਟਿਕਟ ਦੀ ਦਾਅਵੇਦਾਰੀ ਕਰ ਰਹੇ ਸਨ। ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਚਰਨਜੀਤ ਕੌਰ ਬਾਜਵਾ ਨੂੰ ਉਮੀਦਵਾਰ ਬਣਾਉਣ ਲਈ ਬਹੁਤ ਜ਼ੋਰ ਪਾਇਆ ਸੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਇਕ ਵਾਰੀ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਹਨ।
ਇਹ ਜ਼ਿਮਨੀ ਚੋਣ ਵਿਨੋਦ ਖੰਨਾ ਦੀ ਮੌਤ ਕਰ ਕੇ ਹੋਈ ਹੈ। ਉਹ 2014 ਵਿਚ ਇਸ
ਹਲਕੇ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਭਾਰੀ ਵੋਟਾਂ ਨਾਲ ਹਰਾ ਕੇ ਚੋਣ ਜਿੱਤੇ ਸਨ ਪਰ
ਲੰਬੀ ਬੀਮਾਰੀ ਤੋਂ ਬਾਅਦ ਇਸ ਸਾਲ ਦੇ ਸ਼ੁਰੂ ਵਿਚ ਉੁਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ
ਦੀ ਪਤਨੀ ਕਵਿਤਾ ਖੰਨਾ ਵੀ ਭਾਜਪਾ ਦੀ ਟਿਕਟ ਲਈ ਦਾਅਵੇਦਾਰ ਸੀ ਪਰ ਪਾਰਟੀ ਨੇ ਸਵਰਨ
ਸਲਾਰੀਆ ਨੂੰ ਟਿਕਟ ਨਾਲ ਨਿਵਾਜਿਆ ਹੈ ਜੋ ਕਿ ਉਸ ਹਲਕੇ ਦੇ ਮੂਲ ਵਾਸੀ ਹਨ। ਆਮ ਆਦਮੀ
ਪਾਰਟੀ ਦੇ ਆਗੂ ਸੁਰੇਸ਼ ਖਜੂਰੀਆ ਵੀ ਉਸੇ ਹਲਕੇ ਦੇ ਨਿਵਾਸੀ ਹਨ।
ਸ੍ਰੀ ਜਾਖੜ ਇਸ
ਵੇਲੇ ਕਾਂਗਰਸ ਪਾਰਟੀ ਦੇ ਪੰਜਾਬ ਸ਼ਾਖਾ ਦੇ ਪ੍ਰਧਾਨ ਹਨ ਭਾਵੇਂ ਉਹ ਫ਼ਿਰੋਜ਼ਪੁਰ ਹਲਕੇ ਨਾਲ
ਸਬੰਧਤ ਹਨ ਪਰ ਉਨ੍ਹਾਂ ਦਾ ਰਾਜਨੀਤਕ ਕੱਦ ਵੱਡਾ ਹੋਣ ਕਰ ਕੇ ਪਾਰਟੀ ਨੇ ਉੁਨ੍ਹਾਂ ਨੂੰ
ਤਰਜੀਹ ਗੁਰਦਾਸਪੁਰ ਤੋਂ ਉਮੀਦਵਾਰ ਬਣਾਉਣ ਨੂੰ ਦਿਤੀ ਹੈ।
ਵੱਖੋ ਵੱਖ ਪਾਰਟੀਆਂ ਨੇ
ਚੋਣ ਮੁਹਿਮ ਤੇਜ਼ ਕਰ ਦਿਤੀ ਹੈ। ਕਾਂਗਰਸ ਦੇ ਵੱਡੇ ਆਗੂ ਬਹੁਤ ਸਾਰੀਆਂ ਰੈਲੀਆਂ
ਗੁਰਦਾਸਪੁਰ ਹਲਕੇ ਵਿਚ ਕਰ ਚੁੱਕੇ ਹਨ। ਉਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਆਗੂ ਵੀ
ਹਲਕੇ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ ਅਤੇ ਇਸ ਤੋਂ ਇਲਾਵਾ ਭਾਜਪਾ ਦੇ ਵੱਡੇ ਆਗੂ
ਵੀ ਚੋਣ ਮੁਹਿੰਮ ਵਿਚ ਸਰਗਰਮ ਹੋ ਗਏ ਹਨ।