ਕਾਲ ਬਣਿਆ ਹਸਪਤਾਲ - ਯੋਗੀ ਦੇ ਰਾਜ ਵਿੱਚ ਹੁਣ 67 ਹੋਰ ਬੱਚਿਆਂ ਦੀ ਮੌਤ ! ਕੀ ਕਸੂਰ ਮਾਸੂਮਾਂ ਦਾ ?

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਬਾਬਾ ਰਾਘਵ ਦਾਸ (ਬੀ.ਆਰ.ਡੀ.) ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬੀਤੇ ਬੁੱਧਵਾਰ ਤੋਂ ਐਤਵਾਰ ਦਰਮਿਆਨ 67 ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪਿਛਲੇ ਹਫ਼ਤੇ ਹੋਈਆਂ ਇਹਨਾਂ ਮੌਤਾਂ ਨੇ ਸਭ ਦਾ ਧਿਆਨ ਪੂਰਬੀ ਉੱਤਰ ਪ੍ਰਦੇਸ਼ ਦੇ ਇਸ ਸਭ ਤੋਂ ਵੱਡੇ ਹਸਪਤਾਲ 'ਤੇ ਮੁੜ ਕੇਂਦਰਿਤ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਅਗਸਤ ਵਿਚ ਇਕ ਹਫ਼ਤੇ ਦੌਰਾਨ ਇਸੇ ਹਸਪਤਾਲ ਵਿੱਚ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ 61 ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਇਹ ਵਿਵਾਦ ਹੁਣ ਤੱਕ ਸੁਰਖੀਆਂ ਵਿੱਚ ਰਿਹਾ ਹੈ।


ਇਸ ਨਵੇਂ ਦਰਦਨਾਕ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋਏ ਬੱਚਿਆਂ ਵਿੱਚ 31 ਨਵੇਂ ਜਨਮੇ ਬੱਚੇ ਸ਼ਾਮਲ ਹਨ। ਹਸਪਤਾਲ ਦੇ ਰਿਕਾਰਡ ਅਨੁਸਾਰ ਬੁੱਧਵਾਰ ਨੂੰ 13 ਬੱਚਿਆਂ ਦੀ, ਵੀਰਵਾਰ ਨੂੰ 12, ਸ਼ੁੱਕਰਵਾਰ ਨੂੰ 18 ਅਤੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਮੁੜ ਇੱਕ ਇੱਕ ਦਰਜਨ ਬੱਚਿਆਂ ਦੀ ਮੌਤ ਹੋਈ।


ਜ਼ਿਆਦਾਤਰ ਮੌਤਾਂ ਦੀ ਰਿਪੋਰਟ ਹਸਪਤਾਲ ਦੇ ਨਿਊਨਟਲ ਇਨਟੈਨਸਿਵ ਕੇਅਰ ਯੂਨਿਟ (ਐਨ.ਆਈ.ਸੀ.ਯੂ.), ਪੈਡੀਐਟ੍ਰਿਕ ਇਨਟੈਨਸਿਵ ਕੇਅਰ ਯੂਨਿਟ (ਪੀ.ਆਈ.ਸੀ.ਯੂ.) ਅਤੇ ਐਂਸੀਫੈਲਿਟਿਸ ਵਾਰਡ ਤੋਂ ਮਿਲੀਆਂ ਹਨ। 

 

ਹਰ ਮੌਨਸੂਨ ਦੌਰਾਨ ਐਕਿਊਟ ਇਨਸੈਫਲਾਈਟਿਸ ਸਿੰਡਰੋਮ (ਏ.ਈ.ਐੱਸ.) , ਜਾਪਾਨੀ ਇਨਸੇਫਲਾਈਟਿਸ (ਜੇ.ਈ.) ਦੀ ਮਹਾਮਾਰੀ ਤੋਂ ਇਲਾਵਾ ਯੂ.ਪੀ. ਵਿੱਚ ਕੁਪੋਸ਼ਣ, ਦਸਤ, ਨਿਮੋਨੀਆ ਅਤੇ ਕਮਜ਼ੋਰ ਮੈਟਾਬੋਲਿਕ ਹਾਲਤਾਂ ਬੱਚਿਆਂ ਦੀ ਮੌਤ ਦੇ ਪ੍ਰਮੁੱਖ ਕਾਰਨ ਹਨ।  


ਬੀ.ਆਰ.ਡੀ. ਮੈਡੀਕਲ ਕਾਲਜ ਦੇ ਪ੍ਰਿੰਸੀਪਲ ਪੀ.ਕੇ. ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ ਦੂਰ-ਦੁਰਾਡੇ ਇਲਾਕਿਆਂ ਤੋਂ ਹਨ ਜਿਹੜੇ ਹਾਲਤ ਜ਼ਿਆਦਾ ਨਾਜ਼ੁਕ ਹੋਣ 'ਤੇ ਹਸਪਤਾਲ ਆਏ ਸਨ।


ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੀ ਤੁਲਨਾ ਵਿਚ ਮੌਤਾਂ ਦੀ ਗਿਣਤੀ ਵਿਚ ਕਮੀ ਆਈ ਹੈ ਕਿਉਂਕਿ ਅਸੀਂ ਬਹੁਤ ਵਧੀਆ ਯਤਨ ਕਰ ਰਹੇ ਹਾਂ। ਡਾਕਟਰਾਂ ਦੀ ਗਿਣਤੀ ਵਿੱਚ ਵਾਧਾ ਹੋਣ ਕਰਕੇ ਸੁਧਾਰ ਹੋਇਆ ਹੈ ਜਿਸ ਨਾਲ ਬਿਮਾਰ ਬੱਚਿਆਂ ਦੀ ਦੇਖਭਾਲ ਵਿੱਚ ਕੀਤੀ ਗਈ ਹੈ। ਵਰਨਣਯੋਗ ਹੈ ਕਿ ਪੂਰਬੀ ਯੂ.ਪੀ. ਦੇ 15 ਜ਼ਿਲ੍ਹਿਆਂ ਲਈ ਇਹ ਇਕੋ-ਇੱਕ ਵੱਡਾ ਹਸਪਤਾਲ ਹੈ ਜਿਸ ਵਿੱਚ ਬਿਹਾਰ ਅਤੇ ਨੇਪਾਲ ਤੋਂ ਵੀ ਮਰੀਜ਼ ਪਹੁੰਚਦੇ ਹਨ।


ਇਸ ਸਾਲ ਅਕਤੂਬਰ ਵਿੱਚ 460 ਮੌਤਾਂ ਦੀ ਗਿਣਤੀ ਦਰਜ ਕੀਤੀ ਗਈ ਸੀ। ਅਗਸਤ ਅਤੇ ਸਤੰਬਰ ਵਿਚ ਕ੍ਰਮਵਾਰ 418 ਅਤੇ 433 ਮੌਤਾਂ ਦਰਜ ਕੀਤੀਆਂ ਗਈਆਂ ਸੀ।


ਭਾਜਪਾ ਦੀ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਹਸਪਤਾਲ ਵਿਚਲੀਆਂ ਸਹੂਲਤਾਂ ਨੂੰ ਅਪਗ੍ਰੇਡ ਕਰਨ ਤੋਂ ਬਾਅਦ ਵੀ ਮੌਤਾਂ ਜਾਰੀ ਹਨ।ਸਰਕਾਰ ਨੇ 20 ਹੋਰ ਡਾਕਟਰਾਂ ਦੀ ਨਿਯੁਕਤੀ ਕੀਤੀ ਅਤੇ ਬੱਚਿਆਂ ਨੂੰ ਨਿੱਘ ਦੇਣ ਵਾਲੇ ਯੰਤਰ ਵੀ 8 ਤੋਂ ਵਧਾ ਕੇ 20 ਤਕ ਕੀਤੇ। 500 ਬਿਸਤਰੇ ਦੀ ਇਨਸੈਫੇਲਾਇਟਸ ਵਾਰਡ ਦੀ ਉਸਾਰੀ ਸ਼ੁਰੂ ਕੀਤੀ ਜਾ ਚੁੱਕੀ ਹੈ ਜਿਸਦਾ ਨੀਂਹ ਪੱਥਰ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਰੱਖਿਆ ਸੀ। ਵਿਰੋਧੀ ਧਿਰ ਸਮਾਜਵਾਦੀ ਪਾਰਟੀ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਇਹ ਕਦਮ ਨਾਲ ਸਮੱਸਿਆ ਹੱਲ ਕਰਨ ਲਈ ਬਹੁਤ ਘੱਟ ਸਨ।