ਕਾਲੇ ਧਨ ਬਾਰੇ ਸੂਚਨਾਵਾਂ ਦਾ ਪਹਿਲਾ ਲੈਣ-ਦੇਣ 2019 ਤਕ ਹੋ ਸਕੇਗਾ : ਸਵਿੱਸ ਰਾਸ਼ਟਰਪਤੀ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 31 ਅਗੱਸਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਡੋਰਿਸ ਲਿਊਥਾਰਡ ਵਿਚਕਾਰ ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਨੇ ਕਾਲਾ ਧਨ ਅਤੇ ਟੈਕਸ ਚੋਰੀ ਨਾਲ ਅਸਰਕਾਰ ਢੰਗ ਨਾਲ ਨਜਿੱਠਣ ਦੇ ਰਾਸਤਿਆਂ ਬਾਰੇ ਚਰਚਾ ਕੀਤੀ ਅਤੇ ਸਵਿਟਜ਼ਰਲੈਂਡ ਨੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ 'ਚ ਭਾਰਤ ਨੂੰ ਮਦਦ ਦੇਣ ਦਾ ਠੋਸ ਅਹਿਦ ਪ੍ਰਗਟਾਇਆ।
ਲਿਊਥਾਰਡ ਨੇ ਉਮੀਦ ਪ੍ਰਗਟਾਈ ਕਿ ਸਵਿਟਜ਼ਰਲੈਂਡ ਦੀ ਸੰਸਦ ਇਸ ਸਾਲ ਦੇ ਅਖ਼ੀਰ ਤਕ ਸੂਚਨਾਵਾਂ ਦੇ ਖ਼ੁਦ ਲੈਣ-ਦੇਣ ਬਾਰੇ ਕਾਨੂੰਨ ਨੂੰ ਮਨਜ਼ੂਰੀ ਦੇ ਦੇਵੇਗੀ ਅਤੇ ਇਸ ਨਾਲ 2019 ਤਕ ਭਾਰਤ ਦੇ ਨਾਲ ਪਹਿਲੇ ਸੈੱਟ ਦੀ ਸੂਚਨਾ ਸਾਂਝੀ ਕਰਨਾ ਸੰਭਵ ਹੋ ਸਕੇਗਾ। ਭਾਰਤ 'ਚ ਕਾਲਾ ਧਨ, ਡਰਟੀ ਮਨੀ, ਹਵਾਲਾ ਜਾਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਤੋਂ ਕਮਾਏ ਪੈਸੇ ਦੇ ਸਰਾਪ ਨਾਲ ਨਜਿੱਠਣ ਲਈ ਸਵਿਟਜ਼ਰਲੈਂਡ ਦੀ ਅੰਦਰੂਨੀ ਪ੍ਰਕਿਰਿਆ ਪੂਰੀ ਹੋਣ ਉਤੇ ਹੀ ਸੂਚਨਾਵਾਂ ਸਾਂਝੀਆਂ ਹੋ ਸਕਣਗੀਆਂ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਮਿਜ਼ਾਈਲ ਤਕਨੀਕ ਕੰਟਰੋਲ ਵਿਵਸਥਾ ਦੇ ਮੈਂਬਰ ਬਣਨ 'ਚ ਮਦਦ ਦੇਣ ਅਤੇ ਪ੍ਰਮਾਣੂ ਸਪਲਾਈਕਰਤਾ ਸਮੂਹ ਦੀ ਮੈਂਬਰੀ ਲਈ ਭਾਰਤ ਦੀਆਂ ਕੋਸ਼ਿਸ਼ਾਂ ਦਾ ਲਗਾਤਾਰ ਸਮਰਥਨ ਦੇਣ ਉਤੇ ਸਵਿਟਜ਼ਰਲੈਂਡ ਦਾ ਧਨਵਾਦ ਕੀਤਾ। ਦੋਹਾਂ ਆਗੂਆਂ ਨੇ ਮਹਿਸੂਸ ਕੀਤਾ ਕਿ ਭਾਰਤ ਅਤੇ ਸਵਿਟਜ਼ਰਲੈਂਡ ਵਿਚਕਾਰ ਟੈਕਸ ਚੋਰੀ ਅਤੇ ਕਾਲਾ ਧਨ ਵਿਰੁਧ ਸੰਘਰਸ਼ 'ਚ ਕਾਫ਼ੀ ਚੰਗਾ ਸਹਿਯੋਗ ਹੈ।
ਜ਼ਿਕਰਯੋਗ ਹੈ ਕਿ ਭਾਰਤ 'ਚ ਕਾਲੇ ਧਨ ਦਾ ਮੁੱਦਾ ਕਾਫ਼ੀ ਚਰਚਾ 'ਚ ਹੈ ਅਤੇ ਸਵਿਟਜ਼ਰਲੈਂਡ ਨੂੰ ਅਜਿਹੇ ਪਨਾਹਗਾਹ ਵਜੋਂ ਮੰਨਿਆ ਜਾਂਦਾ ਹੈ ਜਿੱਥੇ ਕੁੱਝ ਭਾਰਤੀ ਅਪੈਣਾ ਪੈਸਾ ਕਥਿਤ ਤੌਰ ਤੇ ਲੁਕਾ ਕੇ ਰਖਦੇ ਹਨ।
ਭਾਰਤ ਅਤੇ ਸਵਿਟਜ਼ਰਲੈਂਡ ਵਿਚਕਾਰ ਮਿੱਤਰਤਾ ਸੰਧੀ ਦੀ 70ਵੀਂ ਵਰ੍ਹੇਗੰਢ ਮੌਕੇ ਸਵਿੱਸ ਰਾਸ਼ਟਰਪਤੀ ਡੋਰਿਸ ਲਿਊਥਰਡ ਭਾਰਤ ਦੀ ਯਾਤਰਾ ਉਤੇ ਆਏ ਹਨ ਅਤੇ ਇਸ ਦੌਰਾਨ 'ਭਾਰਤ ਸਵਿਸ ਮਿੱਤਰਤਾ ਦੇ 70 ਸਾਲ : ਮਨ ਦੇ ਤਾਰ ਜੋੜਨ ਅਤੇ ਭਵਿੱਖ ਨੂੰ ਪ੍ਰੇਰਿਤ ਕਰਨ ਵਾਲਾ ਰਿਸ਼ਤਾ' ਵਿਸ਼ੇ ਉਤੇ ਕਈ ਪ੍ਰੋਗਰਾਮਾਂ ਨੂੰ ਰਸਮੀ ਤੌਰ ਤੇ ਅੱਗੇ ਵਧਾਇਆ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਡੋਰਿਸ ਲੀਊਥਾਰਡ ਨੇ ਅੱਜ ਇਥੇ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ਨਾਲ ਜੁੜੇ ਵੱਖੋ-ਵੱਖ ਵਿਸ਼ਿਆਂ ਉਤੇ ਵਿਆਪਕ ਚਰਚਾ ਕੀਤੀ। ਨਾਲ ਹੀ ਟੈਕਸ ਤੋਂ ਬਚਣ ਅਤੇ ਕਾਲੇ ਧਨ ਬਾਰੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਯੋਗ ਵਧਾਉਣ ਦੇ ਰਾਸਤਿਆਂ ਉਤੇ ਚਰਚਾ ਕੀਤੀ। ਦੋਹਾਂ ਦੇਸ਼ਾਂ ਵਿਚਕਾਰ ਰੇਲਵੇ ਦੇ ਖੇਤਰ 'ਚ ਤਕਨੀਕੀ ਸਹਿਯੋਗ ਸਮੇਤ ਦੋ ਸਮਝੌਤਿਆਂ ਉਤੇ ਹਸਤਾਖ਼ਰ ਕੀਤੇ ਗਏ।
ਮੋਦੀ ਨੇ ਕਿਹਾ ਕਿ ਉਨ੍ਹਾਂ ਭਾਰਤ ਅਤੇ ਯੂਰਪੀ ਮੁਕਤ ਵਪਾਰ ਸੰਘ ਵਿਚਕਾਰ ਕਾਰੋਬਾਰ ਅਤੇ ਆਰਥਕ ਗਠਜੋੜ ਸਮਝੌਤੇ ਉਤੇ ਵੀ ਚਰਚਾ ਕੀਤੀ। ਦੋਹਾਂ ਧਿਰਾਂ ਨੇ ਇਸ ਸਮਝੌਤੇ ਨੂੰ ਪੂਰਾ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ।  (ਪੀਟੀਆਈ)