ਕਣਕ ਦੇ ਸਮਰਥਨ ਮੁਲ 'ਚ 110 ਰੁਪਏ ਦਾ ਵਾਧਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 24 ਅਕਤੂਬਰ:  ਕੇਂਦਰ ਸਰਕਾਰ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁਲ (ਐਮ. ਐਸ. ਪੀ.) ਵਿਚ 110 ਰੁਪਏ ਦਾ ਵਾਧਾ ਕਰ ਦਿਤਾ ਹੈ। ਹੁਣ ਕਣਕ ਦੀ ਸਰਕਾਰੀ ਖ਼ਰੀਦ 1,735 ਰੁਪਏ ਪ੍ਰਤੀ ਕੁਇੰਟਲ 'ਤੇ ਹੋਵੇਗੀ। ਨਾਲ ਹੀ ਛੋਲਿਆਂ ਅਤੇ ਮਸਰਾਂ ਦੇ ਐਮ.ਐਸ.ਪੀ. ਵਿਚ ਵੀ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਬੈਠਕ ਵਿਚ ਸਾਲ 2017-18 ਲਈ ਹਾੜ੍ਹੀ ਮੌਸਮ ਦੀਆਂ ਫ਼ਸਲਾਂ ਦੇ ਸਮਰਥਨ ਮੁਲ ਨੂੰ ਮਨਜ਼ੂਰੀ ਦਿਤੀ ਗਈ ਹੈ। 

ਸੂਤਰਾਂ ਅਨੁਸਾਰ ਮੰਤਰੀ ਮੰਡਲ ਨੇ ਕਣਕ ਦਾ ਐਮ.ਐਸ.ਪੀ. 110 ਰੁਪਏ ਵਧਾ ਕੇ 1,735 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ। ਪਿਛਲੇ ਸਾਲ ਇਹ 1,625 ਰੁਪਏ ਪ੍ਰਤੀ ਕੁਇੰਟਲ ਸੀ। ਹੁਣ ਛੋਲਿਆਂ ਦਾ ਘੱਟੋ-ਘੱਟ ਸਮਰਥਨ ਮੁਲ 4200 ਰੁਪਏ ਅਤੇ ਮਸਰ ਦਾ 4150 ਰੁਪਏ ਹੋ ਗਿਆ ਹੈ। ਸੂਤਰਾਂ ਨੇ ਦਸਿਆ ਕਿ ਸਰ੍ਹੋਂ ਅਤੇ ਸੂਰਜਮੁਖੀ ਦੇ ਬੀਜ ਦੇ ਐਮ.ਐਸ.ਪੀ. ਵਿਚ ਕਾਫ਼ੀ ਵਾਧਾ ਕੀਤਾ ਗਿਆ ਸੀ।
(ਪੀ.ਟੀ.ਆਈ)