ਕਾਂਗਰਸ ਮੈਦਾਨ ਛੱਡ ਕੇ ਭੱਜੀ, ਹਿਮਾਚਲ ਦੀਆਂ ਚੋਣਾਂ ਇਕਤਰਫ਼ਾ : ਮੋਦੀ

ਖ਼ਬਰਾਂ, ਰਾਸ਼ਟਰੀ

ਊਨਾ, 5 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਦੀ ਚੋਣ ਜੰਗ ਤੋਂ ਭੱਜ ਚੁਕੀ ਹੈ ਅਤੇ ਰਾਜ ਦੀ ਜਨਤਾ ਇਹ ਚੋਣ ਲੜ ਰਹੀ ਹੈ।

ਸੂਬੇ ਵਿਚ 9 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਤੀਜੇ ਦਿਨ ਚੋਣ ਪ੍ਰਚਾਰ 'ਚ ਹਿੱਸਾ ਲੈਂਦਿਆਂ ਮੋਦੀ ਨੇ ਕਿਹਾ ਕਿ ਸੂਬੇ ਵਿਚ ਚੋਣਾਂ ਉਨ੍ਹਾਂ ਦੀ ਪਾਰਟੀ ਭਾਜਪਾ ਨਹੀਂ ਲੜ ਰਹੀ ਸਗੋਂ ਰਾਜ ਦੀ ਜਨਤਾ ਲੜ ਰਹੀ ਹੈ ਜਿਹੜੀ ਭ੍ਰਿਸ਼ਟਾਚਾਰ ਅਤੇ ਖ਼ਰਾਬ ਕਾਨੂੰਨ ਵਿਵਸਥਾ ਲਈ ਕਾਂਗਰਸ ਨੂੰ ਸਬਕ ਸਿਖਾਉਣ 'ਤੇ ਉਤਾਰੂ ਹੈ।

ਉਨ੍ਹਾਂ ਇਥੇ ਰੈਲੀ ਵਿਚ ਕਿਹਾ, 'ਮੈਨੂੰ ਦੁਖ ਹੈ ਕਿਉਂਕਿ ਇਸ ਵਾਰ ਮੈਨੂੰ ਚੋਣ ਵਿਚ ਮਜ਼ਾ ਨਹੀਂ ਆ ਰਿਹਾ। ਇਸ ਵਾਰ ਕਾਂਗਰਸ ਮੈਦਾਨ ਛੱਡ ਕੇ ਭੱਜ ਚੁਕੀ ਹੈ। ਇਹ ਚੋਣਾਂ ਇਕਤਰਫ਼ਾ ਹੋ ਗਈਆਂ ਹਨ।' ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕਾਂਗਰਸ ਉਤੇ ਹਮਲਾ ਬੋਲਦਿਆਂ ਮੋਦੀ ਨੇ ਕੇਂਦਰ ਦੀਆਂ ਪਿਛਲੀ ਕਾਂਗਰਸ ਸਰਕਾਰ 'ਤੇ 57000 ਕਰੋੜ ਰੁਪਏ ਦੀ ਸਬਸਿਡੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ।

ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਇਸ ਦੁਰਵਰਤੋਂ ਨੂੰ ਰੋਕ ਦਿਤਾ ਹੈ ਅਤੇ ਹੁਣ ਲੋਕਾਂ ਦੇ ਭਲੇ ਲਈ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ। ਮੋਦੀ ਨੇ ਕਿਹਾ ਕਿ ਇਸ ਵਾਰ ਇਕਤਰਫ਼ਾ ਚੋਣਾਂ ਹੋ ਰਹੀਆਂ ਹਨ। ਪਹਿਲਾਂ ਅਜਿਹਾ ਮਾਹੌਲ ਕਦੇ ਨਹੀਂ ਵੇਖਿਆ। ਇਸ ਦਾ ਕਾਰਨ ਇਹ ਹੈ ਕਿ ਦੇਸ਼ ਜਾਣਦਾ ਹੈ ਕਿ ਕਾਂਗਰਸ ਸਰਕਾਰ ਕਿਹੋ ਜਿਹੀ ਹੈ ਅਤੇ ਇਸ ਦੇ ਇਰਾਦੇ ਕੀ ਹਨ।

ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਵਿਚ ਉਨ੍ਹਾਂ ਨੇ ਅਜਿਹੀਆਂ ਚੋਣਾਂ ਨਹੀਂ ਵੇਖੀਆਂ। ਮੋਦੀ ਨੇ ਕਿਹਾ, 'ਏਨੇ ਲੰਮੇ ਸਮੇਂ ਤੋਂ ਰਾਜਨੀਤੀ ਵਿਚ ਹੋਣ ਕਾਰਨ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਹਵਾ ਕਿਹੜੀ ਦਿਸ਼ਾ ਵਿਚ ਚੱਲ ਰਹੀ ਹੈ। ਪਰ ਇਸ ਵਾਰ ਹਿਮਾਚਲ ਵਿਚ ਤੂਫ਼ਾਨ ਵੇਖਿਆ ਜਾ ਸਕਦਾ ਹੈ। (ਏਜੰਸੀ)