ਕਾਂਗਰਸ ਨੇਤਾ ਬਣਿਆ ਬੰਗਲੌਰ ਦਾ ਨਵਾਂ ਮੇਅਰ

ਖ਼ਬਰਾਂ, ਰਾਸ਼ਟਰੀ

ਬੰਗਲੌਰ, 28 ਸਤੰਬਰ : ਬੰਗਲੌਰ ਦੇ ਮੇਅਰ ਦੀ ਚੋਣ ਕਾਂਗਰਸ ਨੇ ਜਿੱਤ ਲਈ ਹੈ ਜਦਕਿ ਭਾਜਪਾ ਨੇ ਇਸ ਚੋਣ ਦਾ ਬਾਈਕਾਟ ਕੀਤਾ। ਭਾਜਪਾ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ ਕਿ ਵੋਟਰ ਸੂਚੀ ਵਿਚ ਕਈ ਅਜਿਹੇ ਵੋਟਰ ਵੀ ਸਨ ਜਿਹੜੇ ਵੋਟ ਪਾਉਣ ਦੇ ਯੋਗ ਨਹੀਂ ਸਨ ਕਿਉਂਕਿ ਉਹ ਸ਼ਹਿਰ ਦੀਆਂ ਮਿਊਂਸਪਲ ਹੱਦਾਂ ਤੋਂ ਬਾਹਰ ਰਹਿੰਦੇ ਹਨ।
ਕਾਂਗਰਸ-ਜੇਡੀ (ਐਸ) ਗਠਜੋੜ ਜਿਸ ਨੇ ਇਕੋ ਇਕ ਸੱਭ ਤੋਂ ਵੱਡੀ ਪਾਰਟੀ ਭਾਜਪਾ ਨਾਲੋਂ ਜ਼ਿਆਦਾ ਵੋਟਾਂ ਲਈਆਂ, ਨੇ ਮੇਅਰ ਦੀ ਚੋਣ ਜਿੱਤ ਲਈ। ਕਾਂਗਰਸ ਆਗੂ ਸੰਪਥ ਰਾਜ ਸ਼ਹਿਰ ਦੇ ਨਵੇਂ ਮੇਅਰ ਬਣੇ ਹਨ।
ਕਾਂਗਰਸ ਨੇ ਚੋਣ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਹੋਣ ਤੋਂ ਇਲਕਾਰ ਕੀਤਾ ਹੈ। ਪਾਰਟੀ ਆਗੂ ਨਿਰੰਜਨ ਕੁਮਾਰ ਨੇ ਕਿਹਾ, 'ਭਾਜਪਾ ਜਾਣਦੀ ਸੀ ਕਿ ਉਹ ਚੋਣ ਹਾਰ ਜਾਵੇਗੀ, ਇਸ ਲਈ ਉਨ੍ਹਾਂ ਸ਼ਿਕਾਇਤ ਕੀਤੀ।' ਡਿਪਟੀ ਮੇਅਰ ਪਦਮਾਵਥੀ ਜੇਡੀ (ਐਸ) ਤੋਂ ਹੈ। ਨਵੇਂ ਮੇਅਰ ਨੂੰ ਕਈ ਤਰ੍ਹਾਂ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਸ਼ਹਿਰ ਵਿਚ ਮਾਨਸੂਨ ਦੌਰਾਨ ਪਾਣੀ ਭਰ ਜਾਣ ਦੀਆਂ ਘਟਨਾਵਾਂ ਅੰਤਰਰਾਸ਼ਟਰੀ ਸੁਰਖੀਆਂ ਬਣੀਆਂ ਹਨ। ਠੋਸ ਕੂੜੇ ਦੀ ਸੰਭਾਲ ਵੀ ਵੱਡਾ ਮਾਮਲਾ ਹੈ। (ਏਜੰਸੀ)