ਨਵੀਂ ਦਿੱਲੀ, 16 ਦਸੰਬਰ : ਰਾਹੁਲ ਗਾਂਧੀ ਨੇ ਅੱਜ ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ਦੀ ਵਾਗਡੋਰ ਸੰਭਾਲਣ ਮਗਰੋਂ ਭਾਜਪਾ 'ਤੇ ਅੱਗ ਅਤੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰਨ ਅਤੇ ਪ੍ਰਧਾਨ ਮੰਤਰੀ ਵਿਰੁਧ ਦੇਸ਼ ਨੂੰ ਮੱਧਕਾਲ ਵਿਚ ਲਿਜਾਣ ਦਾ ਦੋਸ਼ ਲਾਇਆ। ਨਾਲ ਹੀ ਉਨ੍ਹਾਂ ਨੇ ਪਾਰਟੀ ਆਗੂਆਂ ਅਤੇ ਕਾਰਕੁਨਾਂ ਨੂੰ ਗੁੱਸੇ ਦੀ ਰਾਜਨੀਤੀ ਨਾਲ ਲੜ ਕੇ ਉਸ ਨੂੰ ਭਾਂਜ ਦੇਣ ਦੀ ਅਪੀਲ ਕੀਤੀ। ਪਾਰਟੀ ਮੁੱਖ ਦਫ਼ਤਰ ਵਿਚ ਹੋਏ ਸਮਾਗਮ ਵਿਚ ਭਾਸ਼ਨ ਦਿੰਦਿਆਂ ਰਾਹੁਲ ਨੇ ਕਿਹਾ, 'ਅੱਜ ਭਾਜਪਾ ਦੇ ਲੋਕ ਪੂਰੇ ਦੇਸ਼ ਵਿਚ ਅੱਗ ਅਤੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਰੋਕਣ ਲਈ ਦੇਸ਼ ਵਿਚ ਇਕ ਹੀ ਸ਼ਕਤੀ ਹੈ ਤੇ ਉਹ ਹਨ ਕਾਂਗਰਸ ਦੇ ਨੇਤਾ ਅਤੇ ਕਾਰਕੁਨ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਲੋਕਾਂ ਦਾ ਰਾਜਨੀਤੀ ਤੋਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜਿਹੜੀ ਰਾਜਨੀਤੀ ਵੇਖ ਰਹੇ ਹਾਂ, ਉਹ ਹਮਦਰਦੀ ਅਤੇ ਸੇਵਾ ਤੋਂ ਸਖਣੀ ਹੈ। ਰਾਜਨੀਤੀ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਪਰ ਅੱਜ ਇਸ ਦੀ ਵਰਤੋਂ ਲੋਕਾਂ ਨੂੰ ਕੁਚਲਣ ਲਈ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਤਰੱਕੀ ਲਈ ਨਹੀਂ। ਰਾਹੁਲ ਨੇ ਕਿਹਾ ਕਿ ਭਾਜਪਾ ਅਪਣੇ ਲਈ ਹੀ ਲੜ ਰਹੀ ਹੈ ਜਦਕਿ ਕਾਂਗਰਸ ਦੇਸ਼ ਦੇ ਹਰ ਵਾਸੀ ਲਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੋੜਨ ਤੇ ਕਾਂਗਰਸ ਜੋੜਨ ਦਾ ਕੰਮ ਕਰਦੀ ਹੈ। ਰਾਹੁਲ ਨੇ ਕਿਹਾ ਕਿ ਉਹ ਨਫ਼ਤਰ ਅਤੇ ਫ਼ਿਰਕਾਪ੍ਰਸਤੀ ਫੈਲਾਉਂਦੇ ਹਨ, ਉਹ ਅੱਗ ਲਾਉਂਦੇ ਹਨ ਜਦਕਿ ਅਸੀਂ ਬੁਝਾਉਂਦੇ ਹਾਂ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਨਫ਼ਰਤ ਨਾਲ ਪਿਆਰ ਨਾਲ ਲੜਨਗੇ।