ਕਾਂਗਰਸ ਤੇ ਹਾਰਦਿਕ ਪਟੇਲ ਵਿਚਾਲੇ ਹੋਇਆ ਸਮਝੌਤਾ

ਖ਼ਬਰਾਂ, ਰਾਸ਼ਟਰੀ

ਅਹਿਮਦਬਾਦ, 9 ਦਸੰਬਰ: ਹਾਰਦਿਕ ਪਟੇਲ ਦੇ ਅਹਿਮ ਸਾਥੀ ਅਤੇ ਪਾਟੀਦਾਰ ਅਨਾਮਤ ਅੰਦੋਲਨ ਸਮਿਤੀ (ਪੀਏਏਐਸ) ਦੇ ਸੀਨੀਅਰ ਮੈਂਬਰ ਦਿਨੇਸ਼ ਬੰਭਾਨੀਆ ਨੇ ਦੋਸ਼ ਲਗਾਇਆ ਕਿ ਹਾਰਦਿਕ ਪਟੇਲ ਅਤੇ ਕਾਂਗਰਸ ਵਿਚਾਲੇ ਕੋਈ ਸਮਝੌਤਾ ਹੋ ਚੁੱਕਾ ਹੈ ਇਸ ਲਈ ਹਾਰਦਿਕ ਪਟੇਲ ਕਾਂਗਰਸ ਦਾ ਸਮਰਥਨ ਕਰ ਰਹੇ ਹਨ। ਬੰਭਾਨੀਆ ਨੇ ਕਲ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਪਟੇਲ ਕਾਂਗਰਸ ਦਾ ਸਮਰਥਨ ਕਿਉਂ ਕਰ ਰਹੇ ਹਨ ਅਤੇ ਨਾ ਹੀ ਇਹ ਸਪੱਸ਼ਟ ਹੋ ਰਿਹਾ ਹੈ ਕਿ ਸੱਤਾ ਵਿਚ ਆਉਣ ਤੋਂ ਬਾਅਦ ਪਾਟੀਦਾਰ ਭਾਈਚਾਰੇ ਨੂੰ ਰਾਖਵਾਂਕਰਨ ਕਿਸ ਤਰ੍ਹਾਂ ਦਿਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਪਣੇ ਚੋਣ ਮਨੋਰਥ ਪੱਤਰ ਵਿਚ ਕਾਂਗਰਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਜੇ ਉਹ ਗੁਜਰਾਤ ਦੀ ਸੱਤਾ ਵਿਚ ਆ ਜਾਂਦੇ ਹਨ ਤਾਂ ਓਬੀਸੀ ਕੋਟੇ ਤਹਿਤ ਪਾਟੀਦਾਰ ਭਾਈਚਾਰੇ ਨੂੰ ਰਾਖਵਾਂਕਰਨ ਕਿਸ ਤਰ੍ਹਾਂ ਦਿਤਾ ਜਾਵੇਗਾ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਅਸਲ ਵਿਚ ਕਾਂਗਰਸ ਉਨ੍ਹਾਂ ਨੂੰ ਰਾਖਵਾਂਕਰਨ ਦੇਣਾ ਹੀ ਨਹੀਂ ਚਾਹੁੰਦੀ ਪਰ ਹਾਰਦਿਕ ਪਟੇਲ ਹਾਲੇ ਵੀ ਕਾਂਗਰਸ ਦੇ ਹੱਕ ਵਿਚ ਰੈਲੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਹਾਰਦਿਕ ਪਟੇਲ ਚੁਪ ਹੈ ਜਿਸ ਤੋਂ ਇਹ ਲਗਦਾ ਹੈ ਕਿ ਕਾਂਗਰਸ ਅਤੇ ਹਾਰਦਿਕ ਵਿਚਾਲੇ ਕੋਈ ਸਮਝੌਤਾ ਹੋ ਗਿਆ ਹੈ। ਹਾਰਦਿਕ ਪਟੇਲ ਨੂੰ ਅਪਣੀ ਪਾਰਟੀ ਦੀ ਮੁਹਿੰਮ ਦਾ ਸਿਆਸੀਕਰਨ ਨਹੀਂ ਹੋਣ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਲੜਾਈ ਕਿਸੇ ਪਾਰਟੀ ਨੂੰ ਸੱਤਾ ਵਿਚ ਲਿਆਉਣ ਦੀ ਨਹੀਂ ਹੈ ਬਲਕਿ ਉਹ ਅਪਣੇ ਭਾਈਚਾਰੇ ਲਈ ਰਾਖਵਾਂਕਰਨ ਚਾਹੁੰਦੇ ਹਨ। ਬੰਭਾਨੀਆ ਨੇ ਕਿਹਾ ਕਿ ਪਾਟੀਦਾਰ ਮੁਹਿੰਮ ਦੇ ਨਾਂਅ 'ਤੇ ਹਾਰਦਿਕ ਪਟੇਲ ਕਾਂਗਰਸ ਦੇ ਹੱਥਾਂ ਵਿਚ ਖੇਡ ਰਹੇ ਹਨ। ਹਾਰਦਿਕ ਅਪਣੀ ਮੁਹਿੰਮ ਨੂੰ ਸਿਆਸੀ ਮਕਸਦ ਲਈ ਵਰਤ ਰਹੇ ਹਨ ਜਦਕਿ ਉਹ ਇਸ ਕਾਰਵਾਈ ਦਾ ਵਿਰੋਧ ਕਰਦੇ ਹਨ। ਉਨ੍ਹਾਂ ਅਪਣੇ ਪਾਟੀਦਾਰ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦ ਉਹ ਕਲ ਵੋਟ ਪਾਉਣ ਜਾਣ ਤਾਂ ਅਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਿਉਂ। ਬੰਭਾਨੀਆ ਨੇ ਦਾਅਵਾ ਕੀਤਾ ਕਿ ਉਹ ਹਾਲੇ ਵੀ ਅਪਣੇ ਭਾਈਚਾਰੇ ਨਾਲ ਹਨ ਅਤੇ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਨਾ ਤਾਂ ਉਹ ਹਾਰਦਿਕ ਪਟੇਲ ਦੇ ਵਿਰੋਧ ਵਿਚ ਹਨ ਅਤੇ ਨਾ ਹੀ ਉਹ ਅਪਣੀ ਜਥੇਬੰਦੀ ਛੱਡ ਰਹੇ ਹਨ, ਉਨ੍ਹਾਂ ਦਾ ਸਿਰਫ਼ ਐਨਾ ਕਹਿਣਾ ਹੈ ਕਿ ਹਾਰਦਿਕ ਪਟੇਲ ਅਪਣੀਆਂ ਮੰਗਾਂ ਮਨਵਾਉਣ ਲਈ ਕਾਂਗਰਸ 'ਤੇ ਦਬਾਅ ਬਣਾਉਣ ਵਿਚ ਅਸਫ਼ਲ ਰਹੇ ਹਨ।