ਕਰਨਾਟਕ ਦੇ ਲੋਕਾਯੁਕਤ 'ਤੇ ਚਾਕੂ ਨਾਲ ਹਮਲਾ, ਹਸਪਤਾਲ ਦਾਖ਼ਲ

ਖ਼ਬਰਾਂ, ਰਾਸ਼ਟਰੀ

ਬੰਗਲੌਰ, 7 ਮਾਰਚ : ਕਰਨਾਟਕ ਦੇ ਲੋਕਾਯੁਕਤ ਪੀ ਵਿਸ਼ਵਨਾਥ ਸ਼ੈਟੀ 'ਤੇ ਅੱਜ ਇਕ ਵਿਅਕਤੀ ਨੇ ਚਾਕੂ ਨਾਲ ਕਈ ਵਾਰ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਲਹ-ੂਲੁਹਾਣ ਕਰ ਦਿਤਾ। ਸ਼ੈਟੀ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਦੀ ਉਮਰ 70 ਸਾਲ ਤੋਂ ਵੱਧ ਹੈ। ਅਧਿਕਾਰੀਆਂ ਤੇ ਚਸ਼ਮਦੀਦ ਗਵਾਹਾਂ ਮੁਤਾਬਕ ਰਾਜ ਸਕੱਤਰੇਤ ਲਾਗੇ ਬਹੁ-ਮੰਜ਼ਲੇ ਭਵਨ ਵਿਚ ਪੈਂਦੇ ਲੋਕਾਯੁਕਤ ਦਫ਼ਤਰ ਵਿਚ ਤੇਜਰਾਜ ਸ਼ਰਮਾ ਨੇ ਸ਼ੈਟੀ 'ਤੇ ਹਮਲਾ ਕਰ ਦਿਤਾ ਜਿਸ ਕਾਰਨ ਉਹ ਬੇਹੋਸ਼ ਹੋ ਗਏ। ਮੁੱਖ ਮੰਤਰੀ ਸਿਧਾਰਮਈਆ ਨੇ ਪੱਤਰਕਾਰਾਂ ਨੂੰ ਦਸਿਆ ਕਿ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਸ਼ਰਮਾ ਸ਼ੈਟੀ ਦੇ ਦਫ਼ਤਰ ਗਿਆ 

ਸੀ ਅਤੇ ਉਸ ਨੇ ਉਕਤ ਕਾਂਡ ਕੀਤਾ। ਉਸ ਨੇ ਲੋਕਾਯੁਕਤ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਜਿਹੜੇ ਕੰਮ ਲਈ ਅਰਜ਼ੀ ਦਿਤੀ ਹੋਈ ਸੀ, ਉਸ ਦਾ ਟੈਂਡਰ ਨਹੀਂ ਮਿਲਿਆ। ਸ਼ੈਟੀ ਦੇ ਢਿੱਡ ਵਿਚ ਗੰਭੀਰ ਸੱਟ ਵੱਜੀ ਹੈ। ਹਮਲਾਵਰ ਇਹ ਕਹਿਦਿਆਂ ਦਫ਼ਤਰ ਆਇਆ ਕਿ ਉਹ ਸ਼ੈਟੀ ਨੂੰ ਮਿਲਣਾ ਚਾਹੁੰਦਾ ਹੈ ਅਤੇ ਚੈਂਬਰ ਵਿਚ ਵੜਨ ਮਗਰੋਂ ਉਸ ਨੇ ਚਾਕੂ ਨਾਲ ਉਸ ਉਤੇ ਹਮਲਾ ਕਰ ਦਿਤਾ।ਸਿਧਾਰਮਈਆ ਨੇ ਕਿਹਾ, 'ਮੈਨੂੰ ਹਥਿਆਰ ਵਿਖਾਇਆ ਗਿਆ ਹੈ। ਚਾਕੂ ਵੱਡਾ ਹੈ। ਲਗਦਾ ਹੈ ਕਿ ਇਹ ਹਤਿਆ ਕਰਨ ਦੀ ਕੋਸ਼ਿਸ਼ ਹੈ।' ਉਨ੍ਹਾਂ ਕਿਹਾ ਕਿ ਲੋਕਾਯੁਕਤ ਨੂੰ ਕਈ ਲੋਕ ਮਿਲਣ ਆਉਂਦੇ ਹਨ, ਕੀ ਪਤਾ ਲਗਦਾ ਹੈ ਕਿ ਕੌਣ ਹਥਿਆਰ ਲੈ ਕੇ ਆਇਆ ਹੈ। ਸ਼ਰਮਾ ਇਕੱਲਾ ਹੀ ਲੋਕਾਯੁਕਤ ਦੇ ਕਮਰੇ ਵਿਚ ਗਿਆ ਸੀ। (ਏਜੰਸੀ)